المزمل
The Enshrouded One • 20 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਹੇ ਕਪੜਾ ਓੜ ਲਪੇਟ ਕੇ ਪੈਣ ਵਾਲੇ!
2ਰਾਤ ਵੇਲੇ ਥੋੜ੍ਹੇ ਸਮੇਂ ਲਈ (ਨਮਾਜ਼ ਲਈ) ਖਲੋਤਾ ਰਿਹਾ ਕਰ।
3ਭਾਵ ਅੱਧੀ ਰਾਤ ਜਾਂ ਇਸ ਤੋਂ ਕੁੱਝ ਘੱਟ ਕਰ ਲਓ।
4ਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।[1]
5ਬੇਸ਼ੱਕ ਅਸੀਂ ਛੇਤੀ ਹੀ ਤੁਹਾਡੇ ਉੱਤੇ ਇਕ ਵੱਡੀ ਭਾਰੀ ਜ਼ਿੰਮੇਵਾਰੀ (ਧਰਮ ਪ੍ਰਚਾਰ) ਦੀ ਪਾਉਣ ਵਾਲੇ ਹਾਂ।
6ਹਕੀਕਤ ਹੈ ਕਿ ਰਾਤ ਦਾ ਉਠਣਾ ਮਨ ਨੂੰ ਕਾਬੂ ਕਰਨ ਲਈ ਬਹੁਤ ਪ੍ਰਭਾਵਕਾਰੀ ਹੈ ਅਤੇ ਜ਼ਿਕਰ ਤੇ ਸਿਮਰਨ ਕਰਨ ਲਈ ਵਧੇਰੇ ਉਚਿਤ ਹੈ।
7ਬੇਸ਼ੱਕ ਦਿਨ ਵੇਲੇ ਤੁਹਾਡੇ ਲਈ ਵਧੇਰੇ ਰੁਝੇਵੇਂ ਹਨ।
8ਤੁਸੀਂ ਆਪਣੇ ਰੱਬ ਦਾ ਨਾਂ ਯਾਦ ਕਰੋ ਅਤੇ ਸਾਰਿਆਂ ਤੋਂ ਵੱਖ ਹੋ ਕੇ ਉਸੇ ਵੱਲ ਧਿਆਨ ਦਿਓ।
9ਉਹ ਪੂਰਬ ਅਤੇ ਪੱਛਮ ਦਾ ਰੱਬ ਹੈ[2] ਛੁੱਟ ਉਸ ਤੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਉਸੇ ਨੂੰ ਕਰਤਾ-ਧਰਤਾ ਬਣਾ ਲਓ।
10ਅਤੇ ਜੋ ਕੁੱਝ ਉਹ (ਇਨਕਾਰੀ) ਆਖਦੇ ਹਨ ਉਹਨਾਂ ’ਤੇ ਸਬਰ ਕਰੋ ਅਤੇ ਭਲਮਣਸੀ ਨਾਲ ਉਹਨਾਂ ਤੋਂ ਅੱਡ ਹੋ ਜਾਓ।
11ਮੈ` ਅਤੇ ਝੁਠਲਾਉਣ ਵਾਲੇ ਖ਼ੁਸ਼ਹਾਲ ਲੋਕਾਂ ਨੂੰ ਇਕੱਲਾ ਛੱਡ ਦਿਓ। ਅਤੇ ਉਹਨਾਂ ਨੂੰ ਕੁੱਝ ਚਿਰ ਲਈ ਮੋਹਲਤ ਦੇ ਦਿਓ।
12ਬੇਸ਼ੱਕ ਸਾਡੇ ਕੋਲ (ਉਹਨਾਂ ਲਈ) ਬੇੜੀਆਂ ਤੇ ਲਾਟਾਂ ਮਾਰਦੀ ਅੱਗ ਹੈ।
13ਅਤੇ ਗਲ ਵਿਚ ਫਸਣ ਵਾਲਾ ਭੋਜਨ ਅਤੇ ਦੁਖਦਾਈ ਅਜ਼ਾਬ ਹੈ।
14ਜਦੋਂ ਧਰਤੀ ਅਤੇ ਪਹਾੜ ਕੰਬ ਉੱਠਣਗੇ ਅਤੇ ਪਹਾੜ ਰੇਤ ਦੇ ਢੇਰ ਵਾਂਗ ਹੋਣਗੇ।
15ਬੇਸ਼ੱਕ ਅਸੀਂ ਤੁਹਾਡੇ ਵੱਲ ਇਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ,[3] ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ।
16ਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ।
17ਤੁਸੀਂ ਅਜ਼ਾਬ ਤੋਂ ਕਿਵੇਂ ਬਚੋਗੇ, ਜੇ ਤੁਸੀਂ ਉਸ ਦਿਨ ਦਾ ਇਨਕਾਰ ਕੀਤਾ ਜਿਹੜਾ ਬੱਚਿਆ ਨੂੰ ਬੁੱਢਾ ਕਰ ਦੇਵੇਗਾ।
18ਅਤੇ ਜਿਸ ਦੀ ਸਖ਼ਤੀ ਨਾਲ ਅਕਾਸ਼ ਫ਼ੱਟ ਜਾਵੇਗਾ, ਅੱਲਾਹ ਦਾ ਵਾਅਦਾ ਕਿਆਮਤ ਆਉਣ ਦਾ ਪੂਰਾ ਹੋ ਕੇ ਰਹੇਗਾ।
19ਬੇਸ਼ੱਕ ਇਹ (ਕੁਰਆਨ) ਇਕ ਨਸੀਹਤ ਹੈ, ਹੁਣ ਜੋ ਕੋਈ ਚਾਹਵੇ ਆਪਣੇ ਰੱਬ ਦੀ ਰਾਹ ਫੜ ਲਵੇ।
20(ਹੇ ਨਬੀ!) ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗ-ਭੱਗ ਦੋ ਤਿਹਾਈ ਰਾਤ ਜਾਂ ਅੱਧੀ ਰਾਤ ਜਾਂ ਇਕ ਤਿਹਾਈ ਰਾਤ ਨਮਾਜ਼ ਲਈ ਖੜੇ ਰਹਿੰਦੇ ਹੋ। ਤੁਹਾਡੇ ਸਾਥੀਆਂ ਵਿੱਚੋਂ ਵੀ ਇਕ ਟੋਲੀ ਇਹੋ ਕਰਦੀ ਹੈ। ਅੱਲਾਹ ਹੀ ਰਾਤ ਅਤੇ ਦਿਨ ਦਾ ਲੇਖਾ-ਜੋਖਾ ਰੱਖਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਇਸ (ਰਾਤ ਦੇ ਕਿਆਮ) ਨੂੰ ਨਿਭਾ ਨਹੀਂ ਸਕੋਗੇ ਸੋ ਉਸ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ, ਹੁਣ ਜਿੱਨਾ .ਕੁਰਆਨ ਤੁਸੀਂ ਆਸਾਨੀ ਨਾਲ ਪੜ੍ਹ ਸਕਦੇ ਹੋ ਪੜ੍ਹ ਲਿਆ ਕਰੋ। ਉਹ ਜਾਣਦਾ ਹੈ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਬੀਮਾਰ ਹੋਣਗੇ ਅਤੇ ਕਿੰਨੇ ਧਰਤੀ ਉੱਤੇ ਅੱਲਾਹ ਦਾ ਫ਼ਜ਼ਲ (ਰੋਜ਼ੀ) ਲੱਭਦੇ ਫਿਰਦੇ ਹੋਣਗੇ ਅਤੇ ਕਿੰਨੇ ਅੱਲਾਹ ਦੇ ਰਾਹ ਵਿਚ ਲੜਦੇ ਹੋਣਗੇ। ਸੋ ਇਸ (ਕੁਰਆਨ) ਵਿੱਚੋਂ ਜਿੱਨਾ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇ ਪੜ੍ਹੋ ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਅੱਲਾਹ ਨੂੰ ਸੋਹਣਾ ਕਰਜ਼ਾ ਦਿਓ। ਤੁਸੀਂ ਆਪਣੇ ਲਈ ਜਿਹੜੀ ਵੀ ਨੇਕੀ ਅੱਗੇ ਭੇਜੋਗੇ ਉਸ ਦਾ ਬਦਲਾ ਅੱਲਾਹ ਦੇ ਕੋਲ ਵਧੇਰੇ ਚੰਗਾ ਹੈ ਤੇ ਬਹੁਤ ਵੱਡਾ ਹੈ ਅਤੇ ਅੱਲਾਹ ਕੋਲੋਂ ਬਖ਼ਸ਼ਿਸ਼ ਮੰਗਦੇ ਰਹੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।