الملك
The Sovereignty • 30 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਉਹ ਜ਼ਾਤ (ਅੱਲਾਹ ਦੀ) ਅਤਿਅੰਤ ਬਰਕਤਾਂ ਵਾਲੀ ਹੈ ਜਿਸ ਦੇ ਹੱਥ ਵਿਚ (ਕੁੱਲ ਜਹਾਨ ਦੀ) ਪਾਤਸ਼ਾਹੀ ਹੈ ਅਤੇ ਹਰਕੇ ਚੀਜ਼ ਉਸ ਦੇ ਕਾਬੂ ਵਿਚ ਹੈ।
2ਉਹ ਜਿਸ ਨੇ ਮੌਤ ਅਤੇ ਜੀਵਨ ਨੂੰ ਸਾਜਿਆ ਹੈ ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਵਧੇਰੇ ਚੰਗੇ ਕੰਮ ਕੌਣ ਕਰਦਾ ਹੈ।[1] ਉਹ ਵੱਡਾ ਜ਼ੋਰਾਵਰ ਹੈ ਤੇ ਬਖ਼ਸ਼ਣਹਾਰ ਵੀ ਹੈ।
3ਉਹ ਜਿਸ ਨੇ ਉੱਪਰ-ਥੱਲੇ ਸੱਤ ਅਕਾਸ਼ ਬਣਾਏ। (ਹੇ ਇਨਸਾਨ!) ਤੂੰ ਰਹਿਮਾਨ (ਭਾਵ ਅੱਲਾਹ ਮਿਹਰਬਾਨ) ਦੀ ਰਚਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਅਸਾਂਵਾਪਣ ਨਹੀਂ ਵੇਖੇਗਾ। ਫੇਰ ਵੇਖ ਕੀ ਤੂੰ ਕੋਈ ਤਰੇੜ ਵੇਖਦਾ ਹੈ ?
4ਮੁੜ-ਮੁੜ ਨਿਗਾਹ ਦੌੜਾ, ਤੇਰੀ ਨਿਗਾਹ ਥੱਕ ਹਾਰ ਕੇ ਤੇ ਅਸਫ਼ਲ ਹੋ ਕੇ ਪਰਤ ਆਵੇਗੀ।
5ਨਿਰਸੰਦੇਹ, ਅਸੀਂ ਸੰਸਾਰ ਵਿਚ (ਦਿਸਣ ਵਾਲੇ) ਅਕਾਸ਼ ਨੂੰ ਚਰਾਗ਼ਾਂ (ਭਾਵ ਤਾਰਿਆਂ) ਨਾਲ ਸਜਾਇਆ ਹੈ ਅਤੇ ਇਹਨਾਂ (ਤਾਰਿਆਂ) ਨੂੰ ਸ਼ੈਤਾਨਾਂ ਨੂੰ ਮਾਰ ਭਜਾਉਣ ਦਾ ਸਾਧਨ ਬਣਾਇਆ ਹੈ [2] ਅਤੇ ਅਸੀਂ ਇਹਨਾਂ ਸ਼ੈਤਾਨਾਂ ਲਈ ਭੜਕਦੀ ਹੋਈ ਅੱਗ ਤਿਆਰ ਕਰ ਛੱਡੀ ਹੈ।
6ਜਿਹਨਾਂ ਲੋਕਾਂ ਨੇ ਆਪਣੇ ਰੱਬ ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਨਰਕ ਦਾ ਅਜ਼ਾਬ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।
7ਜਦੋਂ ਉਹਨਾਂ ਨੂੰ ਉਸ ਵਿਚ ਸੁੱਟਿਆ ਜਾਵੇਗਾ ਤਾਂ ਉਹ ਉਸ ਦੀਆਂ ਦਹਾੜਾਂ ਸੁਣਨਗੇ ਅਤੇ ਉਹ ਜੋਸ਼ ਖਾ ਰਹੀ ਹੋਵੇਗੀ।
8ਹੋ ਸਕਦਾ ਹੈ ਕਿ ਉਹ ਕਰੋਪੀ ਦੇ ਜ਼ੋਰ ਵਿਚ ਪਟ ਹੀ ਜਾਵੇ। ਜਦੋਂ ਵੀ ਕੋਈ ਟੋਲੀ ਉਸ ਵਿਚ ਸੁੱਟੀ ਜਾਵੇਗੀ ਤਾਂ (ਨਰਕ ਦੇ) ਪਹਿਰੇਦਾਰ ਉਹਨਾਂ ਤੋਂ ਪੁੱਛਣਗੇ, ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ ਨਹੀਂ ਆਇਆ ਸੀ?
9ਉਹ ਆਖਣਗੇ ਕਿ ਕਿਉਂ ਨਹੀਂ? ਡਰਾਉਣ ਵਾਲਾ ਸਾਡੇ ਕੋਲ ਆਇਆ ਤਾਂ ਸੀ, ਪਰ ਅਸੀਂ ਉਸ ਨੂੰ ਝੁਠਲਾਇਆ ਅਤੇ ਆਖਿਆ ਕਿ ਅੱਲਾਹ ਨੇ ਕਿਸੇ ਉੱਤੇ ਕੁੱਝ ਵੀ ਨਹੀਂ ਉਤਾਰਿਆ। ਤੁਸੀਂ ਤਾਂ ਵੱਡੀ ਗੁਮਰਾਹੀ ਵਿਚ ਫਸੇ ਹੋਏ ਹੋ।
10ਉਹ (ਇਨਕਾਰੀ ਕਿਆਮਤ ਦਿਹਾੜੇ) ਆਖਣਗੇ ਕਿ ਕਾਸ਼ ਅਸੀਂ (ਰਸੂਲ ਦੀਆਂ ਗੱਲਾਂ ਨੂੰ ਧਿਆਨ ਨਾਲ) ਸੁਣਦੇ ਜਾਂ ਸਮਝਦੇ ਤਾਂ ਅੱਜ ਅਸੀਂ ਨਰਕੀਆਂ ਵਿੱਚੋਂ ਨਾ ਹੁੰਦੇ।
11ਇਸ ਤਰ੍ਹਾਂ ਉਹ ਆਪਣੇ ਅਪਰਾਧਾਂ ਨੂੰ ਆਪ ਮੰਨ ਲੈਣਗੇ, ਸੋ ਉਹਨਾਂ ਨਰਕੀਆਂ ਉੱਤੇ ਫਿਟਕਾਰ ਹੈ।
12ਜਿਹੜੇ ਲੋਕ ਆਪਣੇ ਪਾਲਣਹਾਰ ਤੋਂ ਬਿਨਾਂ ਵੇਖਿਆਂ ਡਰਦੇ ਹਨ ਉਹਨਾਂ ਲਈ ਬਖ਼ਸ਼ਿਸ਼ ਤੇ ਵੱਡੇ ਬਦਲੇ ਹਨ।
13ਤੁਸੀਂ ਆਪਣੀ ਗੱਲ ਭਾਵੇਂ ਲੁਕਾ ਕੇ ਆਖੋ ਜਾਂ ਆਵਾਜ਼ ਨਾਲ ਆਖੋ। ਬੇਸ਼ੱਕ ਉਹ ਦਿਲਾਂ ਦੇ ਭੇਤ ਜਾਣਦਾ ਹੈ।
14ਕੀ ਉਹ ਨਹੀਂ ਜਾਣੇਗਾ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ ? ਉਹ ਵੱਡਾ ਸੂਖਮਦਰਸ਼ੀ ਹੈ ਤੇ ਹਰ ਪ੍ਰਕਾਰ ਦੀ ਖ਼ਬਰ ਰੱਖਦਾ ਹੈ।
15ਉਹੀਓ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਅਧੀਨ ਕਰ ਛੱਡਿਆ ਹੈ। ਸੋ ਤੁਸੀਂ ਉਸ ਦੀਆਂ ਰਾਹਾਂ ਉੱਤੇ ਚਲਦੇ ਹੋਏ ਉਸ ਦੇ ਰਿਜ਼ਕ ਵਿੱਚੋਂ ਖਾਓ। ਤੁਸੀਂ ਉਸੇ ਵੱਲ ਮੁੜ ਸੁਰਜੀਤ ਹੋ ਕੇ ਜਾਣਾ ਹੈ।
16ਕੀ ਤੁਸੀਂ ਉਸ (ਅੱਲਾਹ) ਤੋਂ ਬੇ-ਖ਼ੌਫ਼ ਹੋ ਗਏ ਹੋ, ਜਿਹੜਾ ਅਕਾਸ਼ ਵਿਚ ਹੈ ਕਿ ਉਹ ਤੁਹਾਨੂੰ ਧਰਤੀ ਵਿਚ ਧਸਾ ਦੇਵੇ ਅਤੇ ਅਚਣਚੇਤ ਇਹ (ਧਰਤੀ) ਕੰਬਣ ਲਗ ਜਾਵੇ ?
17ਕੀ ਤੁਸੀਂ ਉਸ ਅੱਲਾਹ ਤੋਂ ਨਿਸ਼ਚਿੰਤ ਹੋ ਗਏ ਹੋ ਜਿਹੜਾ ਅਕਾਸ਼ ਵਿਚ ਹੈ ਕਿ ਉਹ ਤੁਹਾਡੇ ਉੱਤੇ ਪਥਰਾਓ ਕਰਨ ਵਾਲੀ ਤੇਜ਼ ਹਵਾ ਭੇਜ ਦੇਵੇ? ਫੇਰ ਤੁਹਾਨੂੰ ਪਤਾ ਲੱਗੇਗਾ ਕਿ ਮੇਰਾ ਡਰਾਉਣਾ ਕਿਹੋ ਜਿਹਾ ਹੁੰਦਾ ਹੈ।
18ਬੇਸ਼ੱਕ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹ ਵੀ (ਪੈਗ਼ੰਬਰਾਂ ਨੂੰ) ਝੁਠਲਾ ਚੁੱਕੇ ਹਨ, ਫੇਰ ਵੇਖ ਲਓ ਕਿ ਮੇਰਾ ਅਜ਼ਾਬ ਕਿਹੋ ਜਿਹਾ ਸੀ।
19ਕੀ ਉਹਨਾਂ (ਇਨਕਾਰੀਆਂ) ਨੇ ਆਪਣੇ ਉੱਤੇ ਉੱਡਣ ਵਾਲੇ ਪੰਛੀਆਂ ਦੇ ਖੰਭ ਖਿਲਰੇ ਹੋਏ ਤੇ ਸੁਕੜੇ ਹੋਏ ਨਹੀਂ ਵੇਖੇ। ਉਹਨਾਂ ਨੂੰ ਅੱਲਾਹ ਤੋਂ ਛੁੱਟ ਕੋਈ ਨਹੀਂ ਥੰਮਦਾ। ਬੇਸ਼ੱਕ ਉਹ ਹਰ ਚੀਜ਼ ਨੂੰ ਵੇਖਦਾ ਹੈ।
20ਭਲਾ ਉਹ ਕੌਣ ਹੈ ਜਿਹੜਾ ਤੁਹਾਡੀ ਸੈਨਾ ਬਣ ਕੇ, ਛੁੱਟ ਰਹਿਮਾਨ ਤੋਂ, ਤੁਹਾਡੀ ਸਹਾਇਤਾ ਕਰੇ ? ਇਨਕਾਰੀ ਤਾਂ ਉੱਕਾ ਹੀ ਧੋਖੇ ਵਿਚ ਫਸੇ ਹੋਏ ਹਨ।
21ਜੇ ਰਹਿਮਾਨ ਆਪਣਾ ਰਿਜ਼ਕ ਰੋਕ ਲਵੇ ਫੇਰ ਭਲਾ ਉਹ ਕਿਹੜਾ ਹੈ ਜਿਹੜਾ ਤੁਹਾਨੂੰ ਰਿਜ਼ਕ ਦੇ ਸਕੇ ? ਪਰ ਉਹ (ਕਾਫ਼ਿਰ) ਸਰਕਸ਼ੀ ਤੇ ਹੱਕ ਸੱਚ ਤੋਂ ਮੂੰਹ ਮੋੜਣ ਉੱਤੇ ਅੜੇ ਹੋਏ ਹਨ।
22ਕੀ ਭਲਾ ਜਿਹੜਾ ਵਿਅਕਤੀ ਮੂੰਹ ਨੀਵਾਂ ਕਰਕੇ (ਪਸ਼ੂਆਂ ਵਾਂਗ) ਤੁਰਦਾ ਹੈ ਉਹ ਵੱਧ ਹਿਦਾਇਤ ਵਾਲਾ ਹੈ ਜਾਂ ਉਹ ਜਿਹੜਾ ਸਿੱਧਾ ਹੋ ਕੇ (ਸਿਰ ਚੁੱਕੀਂ) ਇਕ ਪੱਧਰੀ ਰਾਹ ’ਤੇ ਤੁਰ ਪਿਆ ਹੋਵੇ ?
23(ਹੇ ਨਬੀ!) ਆਖ ਦਿਓ, ਉਹੀਓ ਅੱਲਾਹ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਅਤੇ ਤੁਹਾਡੇ ਕੰਨ, ਅੱਖਾਂ, ਅਤੇ ਦਿਲ ਬਣਾਏ, ਪਰ ਤੁਸੀਂ ਘੱਟ ਹੀ ਸ਼ੁਕਰ ਅਦਾ ਕਰਦੇ ਹੋ।
24ਆਖ ਦਿਓ, ਉਹੀਓ ਹੈ ਜਿਸ ਨੇ ਤੁਹਾਨੂੰ ਧਰਤੀ ਉੱਤੇ ਪਸਾਰਿਆ ਅਤੇ ਉਸੇ ਦੀ ਹਜ਼ੂਰੀ ਵਿਚ ਤੁਸੀਂ ਸਾਰੇ ਇਕੱਠੇ ਕੀਤੇ ਜਾਓਗੇ।
25ਅਤੇ ਉਹ ਇਨਕਾਰੀ ਆਖਦੇ ਹਨ ਕਿ ਕਿਆਮਤ ਆਉਣ ਦਾ ਵਚਨ ਕਦੋਂ ਪੂਰਾ ਹੋਵੇਗਾ, ਜੇ ਤੁਸੀਂ ਸੱਚੇ ਹੋ ਤਾਂ ਦੱਸੋ?
26ਹੇ ਨਬੀ! ਆਖ ਦਿਓ ਕਿ ਬੇਸ਼ੱਕ ਇਸ ਦੀ ਜਾਣਕਾਰੀ ਕੇਵਲ ਅੱਲਾਹ ਕੋਲ ਹੀ ਹੈ, ਮੈਂ ਤਾਂ ਕੇਵਲ ਤੁਹਾਨੂੰ ਸਪਸ਼ਟ ਰੂਪ ਵਿਚ ਸਾਵਧਾਨ ਕਰਨ ਵਾਲਾ ਹਾਂ।
27ਜਦੋਂ ਉਹ (ਇਨਕਾਰੀ) ਉਸ ਇਸ (ਕਿਆਮਤ) ਨੂੰ ਨੇੜੇ ਤੋਂ ਵੇਖਣਗੇ ਤਾਂ ਕਾਫ਼ਿਰਾਂ ਦੇ ਚਿਹਰੇ ਵਿਗੜ ਜਾਣਗੇ ਅਤੇ ਕਿਹਾ ਜਾਵੇਗਾ ਕਿ ਇਹੋ ਹੈ ਜਿਸ ਦੀ ਤੁਸੀਂ ਮੰਗ ਕਰਦੇ ਸੀ।
28(ਹੇ ਨਬੀ!) ਆਖ ਦਿਓ, ਭਾਵੇਂ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਅੱਲਾਹ ਹਲਾਕ ਕਰ ਦੇਵੇ ਜਾਂ ਸਾਡੇ ਉੱਤੇ ਮਿਹਰਾਂ ਕਰੇ, ਪਰ ਕਾਫ਼ਿਰਾਂ ਨੂੰ ਦਰਦਨਾਕ ਅਜ਼ਾਬ ਤੋਂ ਕੌਣ ਬਚਾਵੇਗਾ ?
29ਆਖ ਦਿਓ ਕਿ ਉਹ (ਜ਼ਾਤ) ਰਹਿਮਾਨ ਦੀ ਹੈ, ਅਸੀਂ ਉਸੇ ’ਤੇ ਈਮਾਨ ਲਿਆਏ ਹਾਂ ਅਤੇ ਉਸੇ ’ਤੇ ਅਸੀਂ ਭਰੋਸਾ ਕਰਦੇ ਹਾਂ, ਸੋ ਤੁਸੀਂ ਛੇਤੀ ਹੀ ਜਾਣ ਲਓਗੇ ਕਿ ਕੌਣ ਸਪਸ਼ਟ ਕੁਰਾਹੇ ਪਿਆ ਹੋਇਆ ਹੈ।
30ਹੇ ਨਬੀ! ਆਖ ਦਿਓ ਕਿ ਜੇ ਤੁਹਾਡੇ ਖੂਹਾਂ ਦਾ ਪਾਣੀ ਧਰਤੀ ਹੇਠ ਉੱਤਰ ਜਾਵੇ ਤਾਂ ਕੌਣ ਹੈ ਜਿਹੜਾ ਤੁਹਾਡੇ ਕੋਲ ਪਾਣੀ ਕੱਢ ਕੇ ਲਿਆਵੇਗਾ ?