النجم
The Star • 62 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਸੁੰਹ ਹੈ ਤਾਰੇ ਦੀ ਜਦੋਂ ਉਹ ਡਿਗਦਾ ਹੈ।
2ਤੁਹਾਡਾ ਸਾਥੀ ਨਾ ਤਾਂ ਬਹਿਕਿਆ ਹੋਇਆ ਹੈ ਅਤੇ ਨਾ ਹੀ ਰਾਹੋਂ ਭਟਕਿਆ ਹੋਇਆ ਹੈ।
3ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ।
4ਉਹ ਤਾਂ ਇਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।
5ਉਸ ਨੂੰ ਇਹ ਸਭ ਸ਼ਕਤੀਸ਼ਾਲੀ (ਜਿਬਰਾਈਲ) ਨੇ ਸਿਖਾਇਆ ਹੈ।
6ਜਿਹੜਾ ਵੱਡਾ ਜ਼ੋਰਾਵਰ ਹੈ। ਸੋ ਉਹ ਆਪਣੇ ਅਸਲੀ ਰੂਪ ਵਿਚ ਸਿੱਧਾ ਆ ਖਲੋਇਆ।
7ਜਦੋਂ ਉਹ (ਜਿਬਰਾਈਲ) ਅਕਾਸ਼ ਦੇ ਉਤਲੇ ਦਿਸਹੱਦੇ ’ਤੇ ਸੀ।
8ਫੇਰ ਉਹ ਨੇੜੇ ਆਇਆ ਤੇ ਉਤਾਂਹ ਅਹਿੱਲ ਹੋਕੇ ਰੁਕ ਗਿਆ।
9ਫੇਰ (ਮੁਹੰਮਦ ਤੇ ਜਿਬਰਾਈਲ ਵਿਚਾਲੇ) ਦੋ ਕਮਾਨਾਂ (ਧਨੁਖਾਂ) ਜਿੰਨ੍ਹਾ ਦੂਰ, ਸਗੋਂ ਉਸ ਤੋਂ ਵੀ ਵੱਧ ਨੇੜੇ ਹੋ ਗਿਆ।
10ਫੇਰ ਉਸ (ਜਿਬਰਾਈਲ) ਨੇ ਅੱਲਾਹ ਦੇ ਬੰਦੇ (ਹਜ਼ਰਤ ਮੁਹੰਮਦ) ਨੂੰ ਉਹ ਵਹੀ ਪੁਚਾਈ ਜੋ ਵਹੀ ਉਸ ਨੂੰ (ਰੱਬ ਵੱਲੋਂ) ਪੁਚਾਈ ਗਈ ਸੀ।
11ਉਸ (ਰਸੂਲ) ਨੇ ਜੋ ਕੁੱਝ ਵੀ (ਮਿਅਰਾਜ ਵੇਲੇ) ਵੇਖਿਆ ਉਸ ਦੇ ਦਿਲ ਨੇ (ਉਸ ਸੰਬੰਧ ਵਿਚ) ਝੂਠ ਨਹੀਂ ਬੋਲਿਆ।
12ਕੀ ਤੁਸੀਂ ਲੋਕ ਉਸ ਚੀਜ਼ ’ਤੇ ਉਸ (ਨਬੀ) ਨਾਲ ਝਗੜਦੇ ਹੋ ਜੋ ਉਹ (ਅੱਖੀਂ) ਵੇਖਦਾ ਹੈ।[1]
13ਉਸ ਰਸੂਲ ਨੇ ਇਸ (ਜਿਬਰਾਈਲ) ਨੂੰ ਇਕ ਵਾਰ ਹੋਰ ਵੀ ਵੇਖਿਆ।
14ਸਿਦਰਾਤੁਲ-ਮੁਨਤਹਾ (ਭੋਤਿਕ ਜਗਤ ਦੀ ਆਖ਼ਰੀ ਸਰਹਦ ਉੱਤੇ ਸਥਿਤ ਬੇਰੀ ਦਾ ਰੁੱਖ) ਦੇ ਨੇੜੇ (ਵੇਖਿਆ)।
15ਉਸ ਦੇ ਲਾਗੇ ਹੀ ਜੰਨਤੁਲ-ਮਾਵਾ (ਰਹਿਣ ਵਾਲੀ ਜੰਨਤ) ਹੈ।
16ਉਸ ਵੇਲੇ ਸਿਦਰਾ (ਭਾਵ ਜੰਨਤੀ ਬੇਰੀ) ਉੱਤੇ (ਅੱਲਾਹ ਦੀ ਕੁਦਰਤ) ਛਾ ਰਿਹਾ ਸੀ ਜੋ ਕੁੱਝ ਵੀ ਉਸ ਉੱਤੇ ਛਾਉਣਾ ਸੀ।
17ਨਾ ਤਾਂ ਉਸ ਦੀ ਨਜ਼ਰ ਬਹਿਕੀ ਹੈ ਤੇ ਨਾ ਹੀ ਹੱਦੋਂ ਟੱਪੀ ਹੋਈ।
18ਉਸ (ਰਸੂਲ) ਨੇ ਆਪਣੇ ਰੱਬ ਦੀਆਂ ਕੁੱਝ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵੇਖੀਆਂ।
19ਤੁਸੀਂ ਮੈਨੂੰ ‘ਲਾਤ’ ਤੇ ‘ਉੱਜ਼ਾ’ ਦੀ ਖ਼ਬਰ ਦਿਓ।
20ਅਤੇ ਤੀਜੀ (ਦੇਵੀ) ‘ਮਨਾਤ’ ਦੀ, ਜਿਸ ਦੀ ਅਸਲੀਅਤ ਬਹੁਤ ਹੀ ਘਟੀਆ ਹੈ।
21ਕੀ ਤੁਹਾਡੇ ਲਈ ਪੁੱਤਰ ਹਨ ਤੇ ਅੱਲਾਹ ਲਈ ਧਿਆਂ ?
22ਇਹ ਤਾਂ ਵੱਡੀ ਹੀ ਬੇਇਨਸਾਫੀ ਵਾਲੀ (ਭਾਵ ਕਾਣੀ) ਵੰਡ ਹੈ।
23ਇਹ ਤਾਂ ਕੇਵਲ ਨਾਂ ਹੀ ਨਾਂ ਹਨ ਜਿਹੜੇ ਤੁਹਾਨੇ ਤੇ ਤੁਹਾਡੇ ਬਾਪ-ਦਾਦਿਆਂ ਨੇ ਰੱਖ ਛੱਡੇ ਹਨ। ਜਦ ਕਿ ਅੱਲਾਹ ਨੇ ਇਹਨਾਂ (ਦੇਵੀ ਦੇਵਤਿਆਂ) ਲਈ ਕੋਈ ਮਾਨਤਾ ਪੱਤਰ ਨਹੀਂ ਘੱਲਿਆ। ਉਹ ਲੋਕ ਤਾਂ ਅਟਕਲ ਦੇ ਪਿੱਛੇ ਤੁਰੇ ਜਾ ਰਹੇ ਹਨ ਅਤੇ ਉਸ ਦੀ ਚੀਜ਼ ਦੀ ਪੈਰਵੀ ਕਰ ਰਹੇ ਹਨ ਜੋ ਉਹਨ੍ਹਾਂ ਦਾ ਮਨ ਚਾਹੁੰਦਾ ਹੈ। ਜਦ ਕਿ ਉਹਨਾਂ ਦੇ ਰੱਬ ਵੱਲੋਂ ਉਹਨਾਂ ਕੋਲ ਹਿਦਾਇਤ ਆ ਚੁੱਕੀ ਹੈ।
24ਕੀ ਮਨੁੱਖ ਜੋ ਵੀ ਇੱਛਾ ਕਰੇ, ਉਹ ਚੀਜ਼ ਉਸ ਨੂੰ ਮਿਲਣੀ ਚਾਹੀਦੀ ਹੈ ?
25ਅੱਲਾਹ ਹੀ ਲੋਕ ਤੇ ਪਰਲੋਕ ਦਾ ਮਾਲਿਕ ਹੈ।
26ਅਕਾਸ਼ਾਂ ਵਿਚ ਕਿੰਨੇ ਹੀ ਫ਼ਰਿਸ਼ਤੇ ਹਨ ਜਿਨ੍ਹਾਂ ਦੀ ਸਿਫ਼ਾਰਸ਼ ਕੁੱਝ ਵੀ ਕੰਮ ਨਹੀਂ ਆਵੇਗੀ। ਪਰ ਹਾਂ ਜਿਸ ਵਿਅਕਤੀ ਲਈ ਅੱਲਾਹ (ਸਿਫ਼ਾਰਸ਼ ਕਰਨ ਦੀ) ਆਗਿਆ ਦੇ ਦੇਵੇ ਅਤੇ ਪਸੰਦ ਕਰੇ (ਫੇਰ ਸਿਫ਼ਾਰਸ਼ ਹੋ ਸਕਦੀ ਹੈ)।
27ਜਿਹੜੇ ਲੋਕੀ ਪਰਲੋਕ ਨੂੰ ਨਹੀਂ ਮੰਨਦੇ ਉਹ ਫ਼ਰਿਸ਼ਤਿਆਂ ਦੇ ਨਾਂ ਇਸਤਰੀਆਂ ਜਿਹੇ ਰੱਖਦੇ ਹਨ।
28ਜਦ ਕਿ ਉਹਨਾਂ ਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਉਹ ਤਾਂ ਕੇਵਲ ਅਟਕਲ ਦੇ ਪਿੱਛੇ ਲੱਗੇ ਹੋਏ ਹਨ, ਜਦ ਕਿ ਅਟਕਲ ਹੱਕ ਸੱਚ ਦੇ ਮੁਕਾਬਲੇ ਵਿਚ ਕੁੱਝ ਵੀ ਲਾਭਦਾਇਕ ਨਹੀਂ।
29ਸੋ ਹੇ ਨਬੀ! ਤੁਸੀਂ ਵੀ ਉਸ ਵਿਅਕਤੀ ਤੋਂ ਮੂੰਹ ਮੋੜ ਲਵੋ (ਭਾਵ ਚਿੰਤਾ ਨਾ ਕਰੋ) ਜਿਹੜਾ ਸਾਡੇ ਜ਼ਿਕਰ (ਯਾਦ) ਤੋਂ ਮੂੰਹ ਮੋੜਦਾ ਹੈ ਅਤੇ ਕੇਵਲ ਸੰਸਾਰਿਕ ਜੀਵਨ ਹੀ ਚਾਹੁੰਦਾ ਹੈ।
30ਉਹਨਾਂ ਦੇ ਗਿਆਨ ਦੀ ਪਹੁੰਚ ਇਹੋ ਹੈ। ਬੇਸ਼ੱਕ ਤੁਹਾਡਾ ਰੱਬ ਉਸ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਹੜਾ ਉਸ ਦੇ ਰਾਹ ਤੋਂ ਭਟਕ ਗਿਆ ਅਤੇ ਉਹੀਓ ਉਸ ਵਿਅਕਤੀ ਨੂੰ ਵੀ ਜਾਣਦਾ ਹੈ ਜਿਹੜਾ ਸਿੱਧੇ ਰਾਹ ’ਤੇ ਹੈ।
31ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਵੀ ਹੈ ਅੱਲਾਹ ਹੀ ਉਹਨਾਂ ਸਭ ਦਾ ਮਾਲਿਕ ਹੈ, ਸੋ ਉਹ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ (ਸੰਸਾਰ ਵਿਚ) ਬੁਰਾਈਆਂ ਕੀਤੀਆਂ ਹਨ ਉਹਨਾਂ ਦੀਆਂ ਕਰਣੀਆਂ ਦੀ ਸਜ਼ਾ ਦੇਵੇ ਅਤੇ ਜਿਨ੍ਹਾਂ ਨੇ ਨੇਕੀਆਂ ਕੀਤੀਆਂ ਹਨ ਉਹਨਾਂ ਨੂੰ ਵਧੀਆ ਬਦਲਾ ਦੇਵੇ।
32ਉਹ ਲੋਕ ਜਿਹੜੇ ਮਹਾਂ ਪਾਪਾਂ ਤੋਂ ਤੇ ਅਸ਼ਲੀਲਤਾ ਤੋਂ ਬਚਦੇ ਹਨ ਛੁੱਟ ਇਸ ਤੋਂ ਕਿ ਕੋਈ ਛੋਟਾ ਮੋਟਾ ਗੁਨਾਹ ਹੋ ਜਾਵੇ, ਬੇਸ਼ੱਕ (ਉਹਨਾਂ ਲੋਕਾਂ ਲਈ) ਤੁਹਾਡੇ ਰੱਬ ਦੀ ਬਖ਼ਸ਼ਿਸ਼ ਅਤਿ ਵਿਸ਼ਾਲ ਹੈ। ਉਹ ਤਹਾਨੂੰ ਉਸ ਸਮੇਂ ਤੋਂ ਜਾਣਦਾ ਹੈ ਜਦੋਂ ਉਸ ਨੇ ਤੁਹਾਨੂੰ ਧਰਤੀਓਂ (ਭਾਵ ਮਿੱਟੀ ਤੋਂ) ਪੈਦਾ ਕੀਤਾ ਸੀ। ਜਦੋਂ ਤੁਸੀਂ ਆਪਣੀਆਂ ਮਾਵਾਂ ਦੇ ਗਰਭ ਵਿਚ ਭੂਰਣ ਅਵਸਥਾ ਵਿਚ ਹੀ ਸੀ। ਸੋ ਇਸ ਲਈ ਤੁਸੀਂ ਆਪਣੀ ਪਾਕੀ ਬਿਆਨ ਨਾ ਕਰੋ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਰੱਬ ਦਾ ਡਰ-ਭੌ ਰਖਣ ਵਾਲਾ ਕੌਣ ਹੈ।
33ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੈ ਜਿਸ ਨੇ ਹੱਕ ਤੋਂ ਮੂੰਹ ਮੋੜਿਆ ਹੈ?
34ਉਸ ਨੇ ਬਹੁਤ ਹੀ ਥੋੜ੍ਹਾ ਮਾਲ (ਰੱਬ ਦੀ ਰਾਹ ਵਿਚ) ਦਿੱਤਾ, ਫੇਰ ਉਹ ਵੀ (ਦੇਣਾ) ਬੰਦ ਕਰ ਦਿੱਤਾ।
35ਕੀ ਉਸ ਵਿਅਕਤੀ ਕੋਲ ਗ਼ੈਬ (ਪਰੋਖ) ਦੀ ਜਾਣਕਾਰੀ ਹੈ ਕਿ ਉਹ (ਸਭ ਕੁੱਝ) ਵੇਖ ਰਿਹਾ ਹੈ ?
36ਕੀ ਉਸ ਨੂੰ ਉਹਨਾਂ ਗੱਲਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਜਿਹੜੀ ਮੂਸਾ ਦੇ ਸਹੀਫ਼ਿਆਂ (ਪੋਥੀਆਂ) ਵਿਚ ਹੈ?
37ਅਤੇ ਜੋ ਇਬਰਾਹੀਮ ਦੇ ਸਹੀਫਿਆਂ (ਪੋਥੀਆਂ) ਵਿਚ ਹੈ, ਜਿਹੜਾ (ਰੱਬ ਦਾ) ਵਫ਼ਾਦਾਰ ਸੀ?
38ਕਿ ਕੋਈ ਭਾਰ ਚੁੱਕਣ ਵਾਲਾ ਕਿਸੇ ਦੂਜੇ ਦਾ ਭਾਰ ਨਹੀਂ ਚੁੱਕੇਗਾ।
39ਕਿ ਮਨੁੱਖ ਲਈ ਬਸ ਉਹੀਓ ਹੈ ਜਿਸ ਲਈ ਉਹ ਕੋਸ਼ਿਸ਼ਾਂ ਕਰਦਾ ਹੈ ।[2]
40ਅਤੇ ਉਸ ਦੀਆਂ ਕੋਸ਼ਿਸ਼ਾਂ ਛੇਤੀ ਹੀ ਵੇਖੀਆਂ ਜਾਣਗੀਆਂ।
41ਫੇਰ ਉਸ ਨੂੰ (ਕੋਸ਼ਿਸ਼ਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ।
42(ਹੇ ਨਬੀ!) ਬੇਸ਼ੱਕ ਸਾਰਿਆਂ ਨੇ ਤੁਹਾਡੇ ਰੱਬ ਕੋਲ ਹੀ ਪਹੁੰਚਣਾ ਹੈ।
43ਬੇਸ਼ੱਕ ਉਹੀਓ ਹਸਾਉਂਦਾ ਹੈ ਤੇ ਉਹੀਓ ਰੁਆਉਂਦਾ ਹੈ।
44ਉਹੀਓ ਮੌਤ ਦਿੰਦਾ ਹੈ ਤੇ ਉਹੀਓ ਜਿਊਂਦਾ ਕਰਦਾ ਹੈ।
45ਉਸੇ ਨੇ ਨਰ ਅਤੇ ਮਦੀਨ ਦਾ ਜੋੜਾ ਬਣਾਇਆ।
46ਵੀਰਜ ਤੋਂ (ਜੋੜਾ ਬਣਾਇਆ) ਜਦੋਂ ਉਹ (ਗਰਭ ਵਿਚ) ਟਪਕਾਇਆ ਜਾਂਦਾ ਹੈ।
47(ਮਰਨ ਤੋਂ ਬਾਅਦ) ਮੁੜ ਸੁਰਜੀਤ ਕਰਨਾ ਵੀ ਉਸੇ (ਅੱਲਾਹ) ਦੇ ਜ਼ਿੰਮੇ ਹੈ।
48ਉਹੀਓ ਧੰਨ ਦੌਲਤ ਦਿੰਦਾ ਹੈ ਤੇ ਸਰਮਾਏਦਾਰ ਬਣਾਉਂਦਾ ਹੈ।
49ਉਹੀਓ ਸ਼ਿਅਰਾ (ਨਾਂ ਦੇ ਤਾਰੇ) ਦਾ ਰੱਬ ਹੈ। (ਜਿਸ ਨੂੰ ਤੁਸੀਂ ਪੂਜਦੇ ਹੋ)
50ਬੇਸ਼ੱਕ ਉਸੇ ਨੇ ਪਹਿਲੇ ਆਦ ਨੂੰ ਹਲਾਕ ਕੀਤਾ।
51ਅਤੇ ‘ਸਮੂਦ’ ਨੂੰ ਵੀ (ਹਲਾਕ ਕੀਤਾ), ਫੇਰ ਉਸ ਨੇ ਕਿਸੇ ਨੂੰ ਵੀ ਬਾਕੀ ਨਹੀਂ ਛੱਡਿਆ।
52ਉਹਨਾਂ (ਆਦ ਤੇ ਮਸੂਦ) ਤੋਂ ਪਹਿਲਾਂ ਨੂਹ ਦੀ ਕੌਮ ਨੂੰ ਵੀ (ਹਲਾਕ ਕੀਤਾ), ਨਿਰਸੰਦੇਹ, ਉਹ ਵੱਡੇ ਜ਼ਾਲਮ ਤੇ ਬਾਗ਼ੀ ਲੋਕ ਸਨ।
53ਉਸ (ਅੱਲਾਹ) ਨੇ (ਲੂਤ ਕੌਮ ਦੀਆਂ) ਮੂਧੀਆਂ ਕਰਨ ਯੋਗ ਬਸਤੀਆਂ ਨੂੰ ਚੁੱਕ ਕੇ ਧਰਤੀ ਉੱਤੇ ਵਗਾਹ ਮਾਰਿਆ।
54ਫੇਰ ਉਸ ਬਸਤੀ ਨੂੰ (ਪੱਥਰਾਂ ਤੇ ਮੀਂਹ ਨੇ) ਢੱਕ ਲਿਆ, ਜਿਸ ਨੇ ਉਹਨਾਂ ਨੂੰ ਢਕਣਾ ਸੀ।
55ਸੋ (ਹੇ ਮਨੁੱਖ!) ਤੂੰ ਆਪਣੇ ਰੱਬ ਦੀਆਂ ਕਿਹੜੀਆਂ-ਕਿਹੜੀਆਂ ਨਿਅਮਤਾਂ ਵਿਚ ਸ਼ੱਕ ਕਰੇਂਗਾ?
56ਇਹ (ਰਸੂਲ) ਤਾਂ ਪਹਿਲਾਂ ਤੋਂ ਆਏ ਹੋਏ ਡਰਾਉਣ ਵਾਲਿਆਂ ਵਿੱਚੋਂ ਇਕ ਡਰਾਉਣ ਵਾਲਾ ਹੈ।
57ਨੇੜੇ ਆਉਣ ਵਾਲੀ (ਕਿਆਮਤ) ਹੋਰ ਨੇੜੇ ਆ ਲੱਗੀ ਹੈ।
58ਉਸ ਕਿਆਮਤ ਨੂੰ, ਛੁੱਟ ਅੱਲਾਹ ਤੋਂ, ਹੋਰ ਕੋਈ ਪ੍ਰਗਟ ਕਰਨ ਵਾਲਾ ਨਹੀਂ।
59ਕੀ ਤੁਸੀਂ ਇਸੇ (.ਕੁਰਆਨ ਦੀ) ਗੱਲ ਉੱਤੇ ਰੁਰਾਨੀ ਪ੍ਰਗਟ ਕਰਦੇ ਹੋ ?
60ਤੁਸੀਂ ਹਸਦੇ ਹੋ, ਰੌਂਦੇ ਨਹੀਂ।
61ਤੁਸੀਂ ਖੇਡ-ਕੁੱਦ ਵਿਚ ਮਸਤ ਹੋ।
62ਤੁਸੀਂ (ਬਾਜ਼ ਆ ਜਾਓ ਤੇ) ਅੱਲਾਹ ਨੂੰ ਸਿਜਦਾ ਕਰੋ ਅਤੇ ਉਸ ਦੀ ਬੰਦਗੀ ਕਰੋ।