العلق
The Clot • 19 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1(ਹੇ ਮੁਹੰਮਦ ਸ:!) ਪੜ੍ਹੋ ਆਪਣੇ (ਉਸ) ਰੱਬ ਦਾ ਨਾਂ ਲੈਕੇ ਜਿਸ ਨੇ (ਸਭ ਨੂੰ) ਪੈਦਾ ਕੀਤਾ ਹੈ।
2ਉਸ ਨੇ ਮਨੁੱਖ ਨੂੰ ਜੱਮੇ ਹੋਏ ਖ਼ੂਨ (ਦੇ ਇਕ ਲੋਥੜੇ) ਤੋਂ ਪੈਦਾ ਕੀਤਾ।
3ਪੜੋ ਤੁਹਾਡਾ ਰੱਬ ਅਤਿਅੰਤ ਕਰੀਮ (ਉਦਾਰ) ਹੈ।
4ਉਹ ਹਸਤੀ ਜਿਸ ਨੇ ਕਲਮ ਰਾਹੀਂ ਗਿਆਨ ਸਿਖਾਇਆ।
5ਉਸ ਨੇ ਮਨੁੱਖ ਨੂੰ ਉਹ ਗਿਆਨ ਦਿੱਤਾ ਜੋ ਉਹ ਜਾਣਦਾ ਨਹੀਂ ਸੀ।
6ਸੱਚਾਈ ਇਹ ਹੈ ਕਿ ਮਨੁੱਖ ਹੱਦੋਂ ਟਪ ਜਾਂਦਾ ਹੈ।
7ਕੀ ਉਹ ਆਪਣੇ ਆਪ ਨੂੰ (ਰੱਬ ਕੋਲ ਜਾਣ ਤੋਂ) ਬੇਪਰਵਾਹ ਸਮਝਦਾ ਹੈ ?
8ਬੇਸ਼ੱਕ ਸਭ ਨੇ ਤੁਹਾਡੇ ਰੱਬ ਵੱਲ ਹੀ ਮੁੜ ਜਾਣਾ ਹੈ।
9ਕੀ ਤੁਸੀਂ ਉਸ ਨੂੰ ਵੇਖਿਆ ਹੈ ਜਿਹੜਾ ਰੋਕਦਾ ਹੈ ?
10ਇਕ ਬੰਦੇ ਨੂੰ ਜਦੋਂ ਉਹ ਨਮਾਜ਼ ਪੜ੍ਹਦਾ ਹੈ ?
11(ਤੁਹਾਡਾ ਕੀ ਵਿਚਾਰ ਹੈ ਕਿ) ਜੇ ਭਲਾਂ ਉਹ (ਬੰਦਾ) ਸਿੱਧੀ ਰਾਹ ’ਤੇ ਹੋਵੇ ?
12ਜਾਂ ਡਰ ਭਾਓ ਮੰਣਨ ਦੀ ਪ੍ਰੇਰਨਾ ਦਿੰਦਾ ਹੋਵੇ ?
13ਭਲਾਂ ਜੇਕਰ ਉਹ (ਹੱਕ ਨੂੰ) ਝੁਠਲਾਉਂਦਾ ਹੋਵੇ ਅਤੇ ਉਸ ਤੋਂ ਮੂੰਹ ਮੋੜਦਾ ਹੋਵੇ (ਫੇਰ ਕੀ ਹੋਵੇਗਾ)।
14ਕੀ ਉਹ ਨਹੀਂ ਜਾਣਦਾ ਕਿ ਅੱਲਾਹ ਉਸ ਨੂੰ ਵੇਖ ਰਿਹਾ ਹੈ ?
15ਉੱਕਾ ਨਹੀਂ (ਰੱਬ ਤੋਂ ਡਰਦਾ), ਜੇ ਉਹ (ਆਪਣੀਆਂ ਕਰਤੂਤਾਂ ਤੋਂ) ਨਾ ਰੁਕਿਆ ਤਾਂ ਅਸੀਂ ਉਸ ਨੂੰ ਮੱਥੇ ਦੇ ਵਾਲਾਂ ਤੋਂ ਫੜ ਕੇ ਜ਼ਰੂਰ ਹੀ ਘਸੀਟਾਂਗੇ।
16ਉਹ ਮੱਥਾ ਜਿਹੜਾ ਦੋਸ਼ੀ ਹੈ।
17ਸੋ ਉਸ ਨੂੰ ਚਾਹੀਦਾ ਹੈ ਕਿ (ਆਪਣੇ ਬਚਾ ਲਈ) ਆਪਣੇ ਸੰਗ ਬੈਠਣ ਉੱਠਣ ਵਾਲਿਆਂ ਨੂੰ ਬੁਲਾ ਲਵੇ।
18ਅਤੇ ਅਸੀਂ ਵੀ ਅਜ਼ਾਬ ਦੇਣ ਵਾਲੇ ਫ਼ਰਿਸ਼ਤਿਆਂ ਨੰ ਬੁਲਾ ਲਿਆਂਗੇ।
19ਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ।