الليل
The Night • 21 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਰਾਤ ਦੀ ਸਹੁੰ ਜਦੋਂ ਉਹ ਛਾ ਜਾਵੇ।
2ਅਤੇ ਦਿਨ ਦੀ ਜਦੋਂ ਉਹ ਚਮਕੇ।
3ਅਤੇ ਉਸ ਹਸਤੀ (ਅੱਲਾਹ) ਦੀ ਸਹੁੰ ਜਿਸ ਨੇ ਨਰ ਤੇ ਮਦੀਨ ਨੂੰ ਪੈਦਾ ਕੀਤਾ।
4ਹਕੀਕਤ ਇਹ ਹੈ ਕਿ ਤੁਹਾਡੀਆਂ (ਸਭਨਾਂ ਦੀਆਂ) ਕੋਸ਼ਿਸ਼ਾਂ ਵੱਖੋ-ਵੱਖ ਹਨ।
5ਸੋ ਜਿਸ ਕਿਸੇ ਨੇ (ਅੱਲਾਹ ਦੀ ਰਾਹ ਵਿਚ ਦਾਨ) ਦਿੱਤਾ ਅਤੇ (ਰੱਬ ਤੋਂ) ਡਰਦਾ ਰਿਹਾ।
6ਅਤੇ ਉਸ ਨੇ ਸੱਚੀ ਗੱਲ (ਕਲਮਾ-ਏ-ਤੌਹੀਦ) ਦੀ ਪੁਸ਼ਟੀ ਵੀ ਕੀਤੀ।
7ਤਾਂ ਅਸੀਂ ਜ਼ਰੂਰ ਹੀ ਉਸ ਨੂੰ ਸੌਖੇ ਰਾਹ (ਜੰਨਤ) ਵਲ ਜਾਣ ਦੀਆਂ ਸਹੂਲਤਾਂ ਦਿਆਂਗੇ।
8ਪਰ ਜਿਸ ਨੇ ਕੰਜੂਸੀ ਕੀਤੀ ਅਤੇ (ਰੱਬ ਦੀ) ਪਰਵਾਹ ਨਹੀਂ ਕੀਤੀ।
9ਅਤੇ ਉਸ ਨੇ ਸੱਚਾਈ ਨੂੰ ਝੁਠਲਾਇਆ।
10ਤਾਂ ਅਸੀਂ ਉਸ ਨੂੰ ਕਠਿਨ ਰਾਹ (ਨਰਕ ਵਲ) ਜਾਣ ਵਾਲੀਆਂ ਸਹੂਲਤਾਂ ਦਿਆਂਗੇ।
11ਅਤੇ ਜਦੋਂ ਉਹ (ਕੰਜੂਸ ਵਿਅਕਤੀ ਨਰਕ ਵਿਚ) ਸੁੱਟਿਆ ਜਾਵੇਗਾ ਤਾਂ ਉਸ ਦਾ ਧੰਨ ਉਸ ਨੂੰ ਕੁੱਝ ਵੀ ਲਾਭ ਨਹੀਂ ਦੇਵੇਗਾ।
12ਬੇਸ਼ੱਕ ਹਿਦਾਇਤ ਦੇਣਾ ਸਾਡੇ ਹੀ ਜ਼ਿੰਮੇ ਹੈ।
13ਬੇਸ਼ੱਕ ਲੋਕ-ਪਰਲੋਕ ਸਾਡੇ ਹੀ ਕਬਜ਼ੇ ਵਿਚ ਹੈ।
14ਸੋ ਮੈਂਨੇ ਤੁਹਾਨੂੰ (ਨਰਕ ਦੀ) ਭੜਕਦੀ ਹੋਈ ਅੱਗ ਤੋਂ ਡਰਾ ਦਿੱਤਾ ਹੈ।
15ਇਸ ਨਰਕ ਵਿਚ ਉਹ ਬੇ-ਭਾਗ ਜਾਵੇਗਾ।
16ਜਿਸ ਨੇ (ਸੱਚਾਈ ਨੂੰ) ਝੁਠਲਾਇਆ ਅਤੇ ਮੂੰਹ ਫੇਰਿਆ।
17ਅਤੇ ਮੁੱਤਕੀ (ਰੱਬ ਤੋਂ ਡਰਣ ਵਾਲਿਆਂ ਨੂੰ) ਇਸ (ਨਰਕ) ਤੋਂ ਅਵੱਸ਼ ਹੀ ਦੂਰ ਰੱਖਿਆ ਜਾਵੇਗਾ।
18ਜਿਹੜਾ ਪਾਕ ਹੋਣ ਲਈ ਆਪਣਾ ਮਾਲ (ਰੱਬ ਦੀ ਰਾਹ ਵਿਚ) ਦਿੰਦਾ ਹੈ।
19ਅਤੇ ਇਸ ਉੱਤੇ ਕਿਸੇ ਦਾ ਕੋਈ ਅਹਿਸਾਨ ਵੀ ਨਹੀਂ, ਜਿਸ ਦਾ ਬਦਲਾ ਉਸ ਨੇ ਦੇਣਾ ਹੈ।
20ਹਾਂ ਜਿਹੜਾ ਕੇਵਲ ਆਪਣੇ ਰੱਬੇ ਬਰਤਰ ਦਾ ਚਿਹਰਾ ਵੇਖਣਾ ਚਾਹੁੰਦਾ ਹੈ (ਉਹੀਓ ਉਸ ਦੀ ਰਾਹ ਵਿਚ ਮਾਲ ਖ਼ਰਚ ਕਰਦਾ ਹੈ)।
21ਬੇਸ਼ੱਕ ਉਹ (ਅੱਲਾਹ) ਛੇਤੀ ਹੀ ਉਸ ਤੋਂ ਰਾਜ਼ੀ ਹੋ ਜਾਵੇਗਾ।