الفجر
The Dawn • 30 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਸਹੁੰ ਹੈ ਪਹੁਫਟਣ ਦੀ।
2ਅਤੇ ਦਸ ਰਾਤਾਂ ਦੀ।[1]
3ਜਿਸਤ ਤੇ ਟਾਂਕ ਦੀ।[2]
4ਅਤੇ ਰਾਤ ਦੀ ਜਦੋਂ ਉਹ ਵਿਦਾ ਹੋ ਰਹੀ ਹੋਵੇ।
5ਕੀ ਇਹਨਾਂ (ਚੀਜ਼ਾਂ) ਵਿਚ ਸੂਝਵਾਨਾਂ ਲਈ ਕੋਈ ਮਹੱਤਤਾ ਹੈ ?
6ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ‘ਆਦ’ ਨਾਲ ਕੀ ਵਰਤਾਓ ਕੀਤਾ ਸੀ ?
7ਉਹ ‘ਆਦੇ ਇਰਮ’ ਜਿਹੜੇ ਉੱਚੀਆਂ ਥੰਮਾਂ ਵਾਲੇ ਸਨ।
8ਜਿਨ੍ਹਾਂ ਵਰਗੀ ਕੋਈ ਕੌਮ ਦੁਨੀਆਂ ਵਿਚ ਪੈਦਾ ਨਹੀਂ ਕੀਤੀ ਗਈ।
9ਅਤੇ ‘ਸਮੂਦ’ ਨਾਲ ਵੀ ਜਿਹੜੇ ਘਾਟੀ ਵਿਚ ਚਟਾਨਾਂ ਤਰਾਸ਼ਦੇ ਸਨ।
10ਅਤੇ ਕਿੱਲਾਂ ਵਾਲੇ ਫ਼ਿਰਔਨ ਨਾਲ (ਕੀ ਵਰਤਾਓ ਕੀਤਾ ?)।
11ਇਹ ਉਹ ਲੋਕ ਸਨ ਜਿਨ੍ਹਾਂ ਨੇ ਸ਼ਹਿਰਾਂ (ਭਾਵ ਧਰਤੀ) ਵਿਚ ਸਰਕਸ਼ੀ ਕੀਤੀ।
12ਅਤੇ ਉਹਨਾਂ ਵਿਚ ਬਹੁਤ ਵਿਗਾੜ ਪਾ ਛੱਡਿਆ ਸੀ।
13ਫੇਰ ਤੁਹਾਡੇ ਰੱਬ ਨੇ ਉਹਨਾਂ ਉੱਤੇ ਅਜ਼ਾਬ ਦਾ ਕੋੜਾ ਬਰਸਾਇਆ।
14ਬੇਸ਼ੱਕ ਤੁਹਾਡਾ ਰੱਬ (ਅਪਰਾਧੀਆਂ) ਦੀ ਘਾਤ ਵਿਚ ਹੈ।
15ਪਰ ਮਨੁੱਖ ਦਾ ਹਾਲ ਇਹ ਹੈ ਕਿ ਜਦੋਂ ਉਸ ਦਾ ਰੱਬ ਉਸ ਨੂੰ ਪਰਖਣ ਲਈ ਉਸ ਨੂੰ ਇੱਜ਼ਤ ਅਤੇ ਨਿਅਮਤਾਂ ਦਿੰਦਾ ਹੈ ਤਾਂ ਉਹ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਆਦਰ-ਮਾਨ ਬਖ਼ਸ਼ਿਆ ਹੈ।
16ਪਰ ਜਦੋਂ ਉਹੀਓ (ਰੱਬ) ਉਸ ਦੀ ਰੋਜ਼ੀ ਤੰਗ ਕਰ ਦਿੰਦਾ ਹੈ ਤਾਂ ਆਖਦਾ ਹੈ ਕਿ ਮੇਰੇ ਰੱਬ ਨੇ ਮੈਨੂੰ ਅਪਮਾਨਿਤ ਕਰ ਛੱਡਿਆ ਹੈ।
17ਉੱਕਾ ਨਹੀਂ! ਅਸਲ ਵਿਚ ਤੁਸੀਂ ਯਤੀਮ ਦੀ ਇੱਜ਼ਤ ਨਹੀਂ ਸੀ ਕਰਦੇ।
18ਅਤੇ ਨਾ ਹੀ ਮੁਥਾਜ ਨੂੰ ਭੋਜਨ ਕਰਵਾਉਣ ਲਈ ਇਕ ਦੂਜੇ ਨੂੰ ਪ੍ਰੇਰਿਤ ਕਰਦੇ ਸੀ।
19ਅਤੇ ਤੁਸੀਂ ਵਰਾਸਤ ਦਾ ਸਾਰਾ ਮਾਲ ਹੂੰਝ ਕੇ ਖਾ ਜਾਂਦੇ ਹੋ।
20ਅਤੇ ਤੁਸੀਂ ਧਨ ਪਦਾਰਥਾਂ ਨਾਲ ਹੱਦੋਂ ਵੱਧ ਮੋਹ ਰਖਦੇ ਹੋ।
21(ਉਸ ਸਮੇਂ ਪਛਤਾਵੇ ਦਾ ਲਾਭ) ਉੱਕਾ ਨਹੀਂ ਹੋਵੇਗਾ ਜਦੋਂ ਧਰਤੀ ਨੂੰ ਕੁਟ ਕੁਟ ਕੇ ਪੱਦਰ ਕਰ ਦਿੱਤੀ ਜਾਵੇਗੀ।
22ਅਤੇ ਤੁਹਾਡਾ ਰੱਬ ਪ੍ਰਗਟ ਹੋਵੇਗਾ ਜਦੋਂ ਫ਼ਰਿਸ਼ਤੇ ਕਤਾਰਾਂ ਵਿਚ ਹਾਜ਼ਿਰ ਹੋਣਗੇ।
23ਉਸ ਦਿਨ ਨਰਕ (ਲੋਕਾਂ ਦੇ) ਸਾਹਮਣੇ ਲਿਆਂਦੀ ਜਾਵੇਗੀ ਅਤੇ ਉਸ ਦਿਨ ਮਨੁੱਖ ਆਪਣੀਆਂ ਕਰਤੂਤਾਂ ਨੂੰ ਯਾਦ ਕਰੇਗਾ, ਪਰ ਉਸ ਸਮੇਂ ਯਾਦ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ।
24ਉਹ ਆਖੇਗਾ ਕਾਸ਼! ਮੈਂਨੇ ਆਪਣੇ ਇਸ ਜੀਵਨ ਲਈ ਕੁੱਝ ਅੱਗੇ ਭੇਜਿਆ ਹੁੰਦਾ।
25ਸੋ ਉਸ ਦਿਨ ਉਸ ਜਿਹਾ ਅਜ਼ਾਬ ਦੇਣ ਵਾਲਾ ਕੋਈ ਨਹੀਂ ਹੋਵੇਗੀ।
26ਅਤੇ ਨਾ ਹੀ ਉਸ ਜਿਹਾ ਕੋਈ ਬੰਣਨ ਵਾਲਾ ਹੋਵੇਗਾ।
27(ਪਰ ਨੇਕ ਲੋਕਾਂ ਨੂੰ ਫ਼ਰਿਸ਼ਤੇ ਆਖਣਗੇ) ਹੇ ਸ਼ਾਂਤ ਆਤਮਾ!
28ਤੂੰ ਆਪਣੇ ਰੱਬ ਵੱਲ ਇਸ ਹਾਲ ਵਿਚ ਤੁਰ ਕਿ ਤੂੰ ਉਸ ਤੋਂ ਰਾਜ਼ੀ ਅਤੇ ਉਹ ਤੇਥੋਂ ਰਾਜ਼ੀ ਹੈ।
29ਫੇਰ ਤੂੰ ਮੇਰੇ ਨੇਕ ਬੰਦਿਆਂ ਵਿਚ ਜਾ ਰਲ।
30ਅਤੇ ਮੇਰੀ ਜੰਨਤ ਵਿਚ ਦਾਖ਼ਲ ਹੋ ਜਾ।