الغاشية
The Overwhelming • 26 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?
2ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।
3(ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।
4ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।
5ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।
6ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।
7ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।
8ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।
9(ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।
10ਸਵਰਗਾਂ ਵਿਖੇ ਹੋਣਗੇ।
11ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।
12ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।
13ਉਸ ਵਿਚ ਉੱਚੇ ਤਖ਼ਤ ਹੋਣਗੇ।
14ਅਤੇ ਜਾਮ ਰੱਖੇ ਹੋਣਗੇ।
15ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।
16ਅਤੇ ਵਧੀਆ ਕਾਲੀਨ ਵਿਛੇ ਹੋਣਗੇ।
17ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?
18ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?
19ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।
20ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?
21ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।
22ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।
23ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।
24ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।
25ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।
26ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।