النبأ
The Tidings • 40 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ?
2ਕੀ ਉਸ ਵੱਡੀ ਸੂਚਨਾ ਬਾਰੇ ?
3ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ।
4ਉਹ ਛੇਤੀ ਹੀ ਜਾਣ ਲੈਣਗੇ।
5ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।
6ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ?
7ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?
8ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ।
9ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?
10ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ।
11ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ।
12ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ।
13ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ।
14ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ।
15ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ।
16ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।
17ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ।
18ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ।
19ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।
20ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ।
21ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।
22ਬਾਗ਼ੀਆਂ ਦਾ ਇਹੋ ਟਿਕਾਣਾ ਹੈ।
23ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ।
24ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ।
25ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ।
26ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ।
27ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।
28(ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ।
29ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ।
30ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ।
31ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ।
32(ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ।
33ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।
34ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ।
35ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ।
36ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।[1]
37(ਇਹ ਇਨਾਮ ਉਸ ਰੱਬ ਵੱਲੋਂ ਮਿਲੇਗਾ) ਜਿਹੜਾ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਇਹਨਾਂ ਵਿਚਕਾਰ ਹੈ, ਉਹਨਾਂ ਸਭ ਦਾ ਰੱਬ ਹੈ ਅਤੇ ਵੱਡਾ ਬਖ਼ਸ਼ਣਹਾਰ ਹੈ।
38ਜਿਸ ਦਿਨ ਰੂਹ (ਜਿਬਰਾਈਲ) ਅਤੇ (ਸਾਰੇ) ਫ਼ਰਿਸ਼ਤੇ ਕਤਾਰਾਂ ਵਿਚ ਖੜੇ ਹੋਣਗੇ ਤਾਂ ਉਸ (ਅੱਲਾਹ ਨਾਲ) ਉਹੀਓ ਕਲਾਮ ਕਰ ਸਕੇਗਾ, ਜਿਸ ਨੂੰ ਰਹਿਮਾਨ ਆਗਿਆ ਦੇਵੇਗਾ ਅਤੇ ਉਹ ਵੀ ਠੀਕ-ਠੀਕ ਗੱਲ ਆਖੇਗਾ।
39ਇਹ ਦਿਨ ਹੋਣਾ ਹੱਕ ਹੈ, ਹੁਣ ਜੋ ਵੀ ਚਾਹੁੰਦਾ ਹੈ ਉਹ ਆਪਣੇ ਰੱਬ ਦੇ ਕੋਲ (ਵਧੀਆ) ਟਿਕਾਣਾ ਬਣਾ ਲਵੇ।
40ਅਸੀਂ ਤੁਹਾਨੂੰ ਛੇਤੀ ਹੀ ਆਉਣ ਵਾਲੇ ਅਜ਼ਾਬ ਤੋਂ ਡਰਾ ਦਿੱਤਾ ਹੈ। ਉਸ ਦਿਨ ਮਨੁੱਖ ਉਹ ਸਭ ਕੁਝ ਵੇਖੇਗਾ ਜੋ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੋਵੇਗਾ ਅਤੇ ਕਾਫ਼ਿਰ ਆਖੇਗਾ ਕਿ ਕਾਸ਼! ਜੇ ਮੈਂ ਮਿੱਟੀ ਹੀ ਹੁੰਦਾ। (ਤਾਂ ਜੋ ਮੈਂ ਹਿਸਾਬ ਤੋਂ ਬਚ ਜਾਂਦਾ)।