المعارج
The Ascending Stairways • 44 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਇਕ ਮੰਗਣ ਵਾਲੇ ਨੇ ਅਜ਼ਾਬ ਮੰਗਿਆ ਹੈ, ਜਿਹੜਾ ਵਾਪਰਨ ਵਾਲਾ ਹੈ।
2ਇਹ ਅਜ਼ਾਬ ਕਾਫ਼ਿਰਾਂ ਲਈ ਹੈ, ਕੋਈ ਇਸ ਨੂੰ ਟਾਲਣ ਵਾਲਾ ਨਹੀਂ।
3ਅਤੇ (ਇਹ ਅਜ਼ਾਬ) ਉਸ ਅੱਲਾਹ ਵੱਲੋਂ ਹੈ ਜਿਹੜਾ ਉੱਚੇ ਮਰਤਬਿਆਂ ਵਾਲਾ ਹੈ।
4ਫ਼ਰਿਸ਼ਤੇ ਅਤੇ ਰੂਹ (ਜਿਬਰਾਈਲ) ਉਸ ਦੇ ਹਜ਼ੂਰ ਇਕ ਅਜਿਹੇ ਦਿਨ ਚੜ੍ਹ ਕੇ ਜਾਂਦੇ ਹਨ ਜਿਸ ਦੀ ਮਿਣਤੀ ਪੰਜਾਹ ਹਜ਼ਾਰ ਸਾਲ ਹੈ।
5ਸੋ (ਹੇ ਨਬੀ!) ਤੁਸੀਂ ਸੋਹਣੇ ਢੰਗ ਨਾਲ ਸਬਰ ਤੋਂ ਕੰਮ ਲਓ।
6ਬੇਸ਼ੱਕ ਇਹ ਲੋਕ ਉਸ (ਕਿਆਮਤ) ਨੂੰ ਦੂਰ ਵੇਖਦੇ ਹਨ।
7ਜਦ ਕਿ ਅਸੀਂ ਉਸ ਨੂੰ ਨੇੜੇ ਵੇਖਦੇ ਹਾਂ।
8ਜਿਸ ਦਿਨ ਅਕਾਸ਼ ਪਿਘਲੇ ਹੋਏ ਤਾਂਬੇ ਵਾਂਗ ਹੋ ਜਾਵੇਗਾ।
9ਅਤੇ ਪਹਾੜ ਧੁਣਖੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।
10ਕੋਈ ਵੀ ਦੋਸਤ ਆਪਣੇ ਜਿਗਰੀ ਦੋਸਤ ਨੂੰ ਨਹੀਂ ਪੁੱਛੇਗਾ।
11ਜਦ ਕਿ ਉਹ (ਦੋਸਤ) ਇਕ ਦੂਜੇ ਨੂੰ ਵਿਖਾ ਵੀ ਦਿੱਤੇ ਜਾਣਗੇ। ਅਪਰਾਧੀ ਚਾਹੇਗਾ ਕਿ ਕਾਸ਼। ਅਜ਼ਾਬ ਤੋਂ ਬਚਣ ਲਈ ਆਪਣੇ ਪੁੱਤਰਾਂ ਨੂੰ ਛੁਡਵਾਈ ਵਜੋਂ ਦੇ ਦੇਵੇ।
12ਆਪਣੀ ਪਤਨੀ ਤੇ ਆਪਣੇ ਭਰਾ ਨੂੰ ਵੀ।
13ਅਤੇ ਆਪਣੇ ਪਰਿਵਾਰ ਨੂੰ ਵੀ ਜਿਹੜਾ ਉਸ ਨੂੰ ਸ਼ਰਨ ਦਿੰਦਾ ਸੀ।
14ਅਤੇ ਧਰਤੀ ਉੱਤੇ ਜਿੱਨੇ ਵੀ ਵਸਨੀਕ ਹਨ ਉਹਨਾਂ ਸਾਰਿਆਂ ਨੂੰ ਛੁਡਵਾਈ ਵਜੋਂ ਦੇ ਦੇਵੇ ਤਾਂ ਜੋ ਉਸ ਨੂੰ (ਅਜ਼ਾਬ ਤੋਂ) ਮੁਕਤੀ ਮਿਲ ਜਾਵੇ।[1]
15ਕਦੇ ਵੀ ਨਹੀਂ (ਬਚ ਸਕੇਗਾ) ਬੇਸ਼ੱਕ ਉਹ ਤਾਂ ਇਕ ਭੜਕਦੀ ਹੋਈ ਅੱਗ ਹੈ।
16ਜਿਹੜੀ ਚਮੜੀਆਂ ਨੂੰ ਉਧੇੜ ਦੇਣ ਵਾਲੀ ਹੈ।
17ਅਤੇ ਉਹ ਹਰ ਉਸ ਵਿਅਕਤੀ ਨੂੰ, ਜਿਸ ਨੇ ਵੀ (ਹੱਕ ਤੋਂ) ਪਿੱਠ ਫੇਰੀ ਅਤੇ ਮੂੰਹ ਮੋੜ੍ਹਿਆ, ਹਾਕਾਂ ਮਾਰ-ਮਾਰ ਕੇ ਆਪਣੇ ਵੱਲ ਸੱਦੇਗੀ।
18ਅਤੇ ਧਨ ਇਕੱਠਾ ਕੀਤਾ ਅਤੇ ਉਸ ਨੂੰ ਸੈਂਤ-ਸੈਂਤ ਕੇ ਰੱਖਿਆ।
19ਬੇਸ਼ੱਕ ਮਨੁੱਖ ਨੂੰ ਬੇ-ਸਬਰਾ (ਥੁੜ-ਦਿਲਾ) ਪੈਦਾ ਕੀਤਾ ਗਿਆ ਹੈ।
20ਜਦੋਂ ਉਸ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਹ ਘਬਰਾ ਜਾਂਦਾ ਹੈ।
21ਜਦੋਂ ਕੋਈ ਭਲਾਈ ਮਿਲਦੀ ਹੈ, ਤਾਂ ਉਹ ਕੰਜੂਸੀ ਕਰਨ ਲੱਗਦਾ ਹੈ।
22ਪਰ ਉਹ ਨਮਾਜ਼ੀ।
23ਜਿਹੜੇ ਆਪਣੀਆਂ ਨਮਾਜ਼ਾਂ ਉੱਤੇ ਸਦਾ ਕਾਇਮ ਰਹਿੰਦੇ ਹਨ।
24ਅਤੇ ਜਿਨ੍ਹਾਂ ਦੇ ਮਾਲਾਂ ਵਿਚ (ਦੂਜੇ ਲੋਕਾਂ ਦਾ) ਹੱਕ ਨਿਸ਼ਚਿਤ ਹੈ।
25(ਜਿਵੇਂ) ਮੰਗਣ ਵਾਲੇ ਅਤੇ ਮਹਿਰੂਮਾਂ ਦਾ (ਹਿੱਸਾ ਹੈ)।
26ਅਤੇ ਜਿਹੜੇ ਲੋਕ ਬਦਲੇ ਵਾਲੇ ਦਿਨ (ਭਾਵ ਕਿਆਮਤ) ਦੀ ਪੁਸ਼ਟੀ ਕਰਦੇ ਹਨ।
27ਅਤੇ ਜਿਹੜੇ ਆਪਣੇ ਰੱਬ ਦੇ ਅਜ਼ਾਬ ਤੋਂ ਡਰਨ ਵਾਲੇ ਹਨ।
28ਬੇਸ਼ੱਕ ਉਹਨਾਂ ਦੇ ਰੱਬ ਦਾ ਅਜ਼ਾਬ ਕੋਈ ਨਾ ਡਰਨ ਵਾਲੀ ਚੀਜ਼ ਨਹੀਂ।
29ਜਿਹੜੇ ਆਪਣੀਆਂ ਗੁਪਤ-ਇੰਦਰੀਆਂ ਦੀ ਰਾਖੀ ਕਰਨ ਵਾਲੇ ਹਨ।
30ਛੁੱਟ ਆਪਣੀਆਂ ਪਤਨੀਆਂ ਜਾਂ ਆਪਣੀਆਂ ਗੋਲੀਆਂ ਤੋਂ (ਜੇ ਰਾਖੀ ਨਹੀਂ ਕਰਦੇ) ਤਾਂ ਉਹਨਾਂ ਦਾ ਕੋਈ ਦੋਸ਼ ਨਹੀਂ।
31ਪਰ ਜਿਹੜਾ ਕੋਈ ਇਹਨਾਂ (ਦੋਵਾਂ) ਤੋਂ ਛੁੱਟ ਹੋਰ (ਔਰਤਾਂ) ਚਾਹਵੇ ਉਹੀਓ ਹੱਦਾਂ ਤੋਂ ਟੱਪਣ ਵਾਲੇ ਹਨ।
32ਅਤੇ ਜਿਹੜੇ ਆਪਣੀ ਅਮਾਨਤਾਂ ਦੀ ਰਾਖੀ ਤੇ ਆਪਣੇ ਵਚਨਾਂ ਦੀ ਪਾਲਣਾ ਕਰਨ ਵਾਲੇ ਹਨ।
33ਅਤੇ ਜਿਹੜੇ ਆਪਣੀਆਂ ਗਵਾਹੀਆਂ ਉੱਤੇ ਕਾਇਮ ਰਹਿੰਦੇ ਹਨ।
34ਅਤੇ ਜਿਹੜੇ ਆਪਣੀਆਂ ਨਮਾਜ਼ਾਂ ਦੀ ਰਾਖੀ ਕਰਦੇ ਹਨ।[2]
35ਉਹੀਓ ਲੋਕ ਬਾਗ਼ਾਂ (ਭਾਵ ਜੰਨਤਾਂ) ਵਿਚ ਆਦਰ-ਮਾਨ ਵਾਲੇ ਹੋਣਗੇ।
36(ਹੇ ਨਬੀ!) ਕਾਫ਼ਿਰਾਂ ਨੂੰ ਕੀ ਹੋ ਗਿਆ ਹੈ ਕਿ ਉਹ ਤੁਹਾਡੇ ਵੱਲ ਨੱਸੇ ਆ ਰਹੇ ਹਨ।
37ਸੱਜਿਓਂ ਵੀ ਅਤੇ ਖੱਬਿਓਂ ਵੀ ਟੋਲੇ ਦੇ ਟੋਲੇ (ਆ ਰਹੇ ਹਨ)।
38ਕੀ ਇਹਨਾਂ ਵਿੱਚੋਂ ਹਰੇਕ ਵਿਅਕਤੀ ਨੂੰ ਇਹ ਲੋਭ ਹੈ ਕਿ ਉਸ ਨੂੰ ਨਿਅਮਤਾਂ ਭਰੀਆਂ ਜੰਨਤਾਂ ਵਿਚ ਦਾਖ਼ਲ ਕੀਤਾ ਜਾਵੇਗਾ।
39ਉੱਕਾ ਹੀ ਨਹੀਂ! ਬੇਸ਼ੱਕ ਅਸੀਂ ਉਹਨਾਂ ਨੂੰ ਉਸ ਚੀਜ਼ ਤੋਂ ਸਾਜਿਆ ਹੈ, ਜਿਸ ਨੂੰ ਉਹ ਜਾਣਦੇ ਹਨ।
40ਸੋ ਮੈਂ ਪੂਰਬਾਂ ਅਤੇ ਪੱਛਮਾਂ ਦੇ ਮਾਲਿਕ ਦੀ ਸਹੁੰ ਖਾਂਦਾ ਹਾਂ ਕਿ ਅਸੀਂ ਹੀ ਸਮਰਥਾ ਰੱਖਦੇ ਹਾਂ।
41ਅਸਾਂ ਇਹਨਾਂ ਦੀ ਥਾਂ ਇਹਨਾਂ ਤੋਂ ਵਧੀਆ ਲੋਕਾਂ ਨੂੰ ਲਿਆਈਏ। ਸਾਨੂੰ ਇਸ ਕੰਮ ਤੋਂ ਰੋਕਣ ਵਾਲਾ ਕੋਈ ਨਹੀਂ ਅਤੇ ਨਾ ਹੀ ਸਾਡੇ ਉੱਤੇ ਕੋਈ ਭਾਰੂ ਹੈ।
42ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਕਰਨੀ ਛੱਡ ਦਿਓ, ਉਹ ਗੱਲਾਂ ਬਣਾਉਣ ਤੇ ਖੇਡਣ ਵਿਚ ਰੁੱਝੇ ਰਹਿਣ ਇੱਥੋਂ ਤਕ ਕਿ ਉਹ ਆਪਣੇ ਉਸ ਦਿਨ ਨੂੰ ਪੁੱਜ ਜਾਣ ਜਿਸਦਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਹੈ।
43ਜਿਸ ਦਿਨ ਉਹ ਕਬਰਾਂ ਵਿੱਚੋਂ ਨਿੱਕਲ ਕੇ ਨੱਸੇ ਜਾਣਗੇ, ਜਿਵੇਂ ਉਹ ਆਪਣੇ ਅਸਥਾਨਾਂ ਵੱਲ ਨੱਸ ਰਹੇ ਹੋਣ।
44ਉਹਨਾਂ ਦੀਆਂ ਨਜ਼ਰਾਂ ਨੀਵੀਆਂ ਹੋਣਗੀਆਂ ਤੇ ਉਹਨਾਂ ’ਤੇ ਹੀਣਤਾ ਛਾ ਰਹੀ ਹੋਵੇਗੀ, ਇਹੋ ਉਹ ਦਿਨ ਹੈ ਜਿਸ ਦਾ ਉਹਨਾਂ ਨਾਲ ਵਾਅਦਾ ਕੀਤਾ ਗਿਆ ਹੈ।