الواقعة
The Event • 96 ayahs • Meccan
بِسْمِ ٱللَّهِ ٱلرَّحْمَٰنِ ٱلرَّحِيمِ
1ਜਦ ਵਾਪਰਨ ਵਾਲੀ (ਕਿਆਮਤ) ਵਾਪਰੇਗੀ।
2ਉਸ ਸਮੇਂ ਊਸ ਨੂੰ ਕੋਈ ਵੀ ਝੁਠਲਾਉਣ ਵਾਲਾ ਨਹੀਂ ਹੋਵੇਗਾ।
3ਉਹ ਘਟਨਾ ਹੇਠਲੀ ਉੱਤੇ ਕਰ ਦੇਣ ਵਾਲੀ ਹੋਵੇਗੀ।
4ਜਦੋਂ ਧਰਤੀ ਹਲੂਣ ਦਿੱਤੀ ਜਾਵੇਗੀ।
5ਪਹਾੜ ਚੂਰਾ-ਚੂਰਾ ਕਰ ਦਿੱਤੇ ਜਾਣਗੇ।
6ਫੇਰ ਉਹ ਪਹਾੜ ਖਿਲਰੀ ਧੂੜ ਜਹਿ ਹੋ ਜਾਣਗੇ।
7ਤੁਸੀਂ ਲੋਕ ਤਿੰਨ ਟੋਲੀਆਂ ਵਿਚ ਹੋ ਜਾਓਗੇ।
8(ਇਕ ਹਨ) ਸੱਜੇ ਹੱਥ ਵਾਲੇ, ਸੱਜੇ ਹੱਥ ਵਾਲਿਆਂ ਦਾ ਕੀ ਕਹਿਣਾ।
9(ਦੂਜੇ ਹਨ) ਖੱਬੇ ਹੱਥ ਵਾਲੇ, ਕਿੰਨੇ ਮੰਦੇਭਾਗੀ ਹਨ ਖੱਬੇ ਹੱਥ ਵਾਲੇ।
10(ਤੀਜੇ ਹਨ) ਅੱਗੇ ਰਹਿਣ ਵਾਲੇ ਤਾਂ ਅੱਗੇ ਹੀ ਰਹਿਣ ਵਾਲੇ ਹਨ।
11ਇਹੋ ਲੋਕ (ਰੱਬ ਦੇ) ਨਿਕਟਵਰਤੀ ਹਨ।
12ਇਹਨਾਂ ਲਈ ਨਿਅਮਤਾਂ ਭਰੇ ਬਾਗ਼ (ਜੰਨਤਾਂ) ਹਨ।
13(ਇਹਨਾਂ ਵਿਚ) ਇਕ ਵੱਡਾ ਜੱਥਾ ਪਹਿਲਿਆਂ (ਭਾਵ ਸਹਾਬਾਂ) ਵਿੱਚੋਂ ਹੋਵੇਗਾ।
14ਅਤੇ ਥੋੜ੍ਹੇ ਲੋਕ ਪਿਛਲਿਆਂ ਵਿੱਚੋਂ ਹੋਣਗੇ।
15ਉਹ ਲੋਕ ਸੋਨੇ ਦੀਆਂ ਤਾਰਾਂ ਨਾਲ ਸਜੇ ਤਖਤਾਂ ਉੱਤੇ ਬੈਠੇ ਹੋਣਗੇ।
16ਉਹ ਇਕ ਦੂਜੇ ਦੇ ਆਹਮਣੋ ਸਾਹਮਣੇ ਤਕੀਏ ਲਾਈਂ ਬੈਠੇ ਕੋਣਗੇ।
17ਉਹਨਾਂ ਦੀ ਸੇਵਾ ਲਈ ਸਦੀਵੀ ਅਵਸਥਾ ਵਿਚ ਰਹਿਣ ਵਾਲੇ ਮੁੰਡੇ ਹੋਣਗੇ।
18ਅਤੇ ਇਹ ਮੁੰਡੇ ਪਿਆਲੇ, ਤੇ ਸੁਰਾਹੀਆਂ ਤੇ ਸ਼ਰਾਬ ਦੇ ਵਗਦੇ ਸੋਮੇ ਦੀ ਸ਼ਰਾਬ ਨਾਲ ਡਕੋ-ਡਕ ਭਰੇ ਜਾਮ ਚੁੱਕੀ ਭੱਜੇ ਨੱਠੇ ਫਿਰਦੇ ਹੋਣਗੇ।
19ਇਹ ਸ਼ਰਾਬ ਪੀਣ ਨਾਲ ਨਾ ਤਾਂ ਉਹਨਾਂ ਦੇ ਸਿਰਾਂ ਵਿਚ ਦਰਦ ਹੋਵੇਗਾ ਅਤੇ ਨਾ ਹੀ ਉਹਨਾਂ ਦੀ ਅਕਲ ਮਾਰੀ ਜਾਵੇਗੀ।
20ਉਹਨਾਂ ਕੋਲ ਅਜਿਹੇ ਸੁਆਦਲੇ ਫਲ ਹੋਣਗੇ ਜਿਨ੍ਹਾਂ ਨੂੰ ਉਹ ਪਸੰਦ ਕਰਨਗੇ।
21ਅਤੇ ਉਹਨਾਂ ਦੀ ਇੱਛਾ ਅਨੁਸਾਰ ਪੰਛੀਆਂ ਦਾ ਗੋਸ਼ਤ (ਮਾਸ) ਹੋਵੇਗਾ।
22ਉਹਨਾਂ ਲਈ ਵੱਡੀਆਂ-ਵੱਡੀਆਂ ਸੋਹਣੀਆਂ ਅੱਖਾਂ ਵਾਲੀਆਂ ਹੂਰਾਂ ਹੋਣਗੀਆਂ।
23ਜਿਵੇਂ ਗ਼ਲਾਫ਼ਾਂ ਵਿਚ ਸੁਰੱਖਿਅਤ ਰੱਖੇ ਮੋਤੀ।
24ਇਹ ਉਹਨਾਂ ਦੇ ਕਰਮਾਂ ਦਾ ਬਦਲਾ ਹੈ।
25ਉਹ ਜੰਨਤ ਵਿਚ ਨਾ ਕੋਈ ਬੇਕਾਰ ਗੱਲਾਂ ਸੁਣਨਗੇ ਨਾ ਹੀ ਗੁਨਾਹ ਦੀ ਗੱਲ ਸੁਣਨਗੇ।
26ਹਾਂ ਇਕ ਬੋਲ ਸਲਾਮ, ਸਲਾਮ (ਬੋਲਿਆ ਜਾਵੇਗਾ)।
27ਸੱਜੇ ਹੱਥ ਵਾਲੇ ਕਿੰਨੇ ਭਾਗਾਂ ਵਾਲੇ ਹਨ ਸੱਜੇ ਹੱਥ ਵਾਲੇ।
28ਉਹ ਬਿਨਾਂ ਕੰਡਿਆਂ ਦੀਆਂ ਬੇਰੀਆਂ ਵਿਚ ਹੋਣਗੇ।
29ਅਤੇ ਤਹਿ-ਪਰ-ਤਹਿ ਚੜ੍ਹੇ ਹੋਏ ਕੇਲਿਆਂ ਵਿਚ ਹੋਣਗੇ।
30ਦੂਰ ਤਕ ਫੈਲੀਆਂ ਲੰਮੀਆਂ ਲੰਮੀਆਂ ਛਾਵਾਂ ਹੇਠ ਹੋਣਗੇ।
31(ਉੱਥੇ) ਹਰ ਵੇਲੇ ਵਗਦੀਆਂ ਨਹਿਰਾਂ ਹੋਣਗੀਆਂ।
32ਅਣਗ਼ਿਣਤ ਫਲ ਹੋਣਗੇ।
33ਜਿਹੜੇ ਨਾ ਕਦੇ ਮੁੱਕਣਗੇ ਅਤੇ ਨਾ ਹੀ ਖਾਣ ਦੀ ਮਨਾਹੀ ਹੋਵੇਗੀ।
34(ਬੇਠਣ ਲਈ) ਉੱਚੀਆਂ ਥਾਵਾਂ ਹੋਣਗੀਆਂ।
35ਉਹਨਾਂ (ਸੱਜੇ ਹੱਥ ਵਾਲਿਆਂ) ਦੀਆਂ ਪਤਨੀਆਂ ਨੂੰ ਅਸੀਂ ਵਿਸ਼ੇਸ਼ ਤਰੀਕੇ ਨਾਲ ਪੈਦਾ ਕਰਾਂਗੇ।
36ਅਸੀਂ ਉਹਨਾਂ ਨੂੰ ਕੁਆਰੀਆਂ ਬਣਾ ਦਿਆਂਗੇ।
37ਜਿਹੜੀਆਂ ਮਨ ਮੁਹਣੀਆਂ ਅਤੇ (ਪਤੀ ਦੀਆਂ) ਹਾਣਨਾਂ ਹੋਣਗੀਆਂ।
38ਇਹ ਸਭ ਕੁੱਝ ਸੱਜੇ ਹੱਥ ਵਾਲਿਆਂ ਲਈ ਹੈ।
39ਇਹਨਾਂ ਦੀ ਵੱਡੀ ਗਿਣਤੀ ਪਹਿਲਿਆਂ (ਭਾਵ ਨਬੀ ਦੇ ਸਾਥੀਆਂ) ਵਿੱਚੋਂ ਹੀ ਹੈ।
40ਅਤੇ ਪਿਛਲਿਆਂ ਵਿੱਚੋਂ ਵੀ ਇਕ ਵੱਡੀ ਗਿਣਤੀ ਹੋਵੇਗੀ।
41ਅਤੇ ਖੱਬੇ ਹੱਥ ਵਾਲੇ! ਕਿੰਨੇ ਮੰਦਭਾਗੇ ਹਨ ਖੱਬੇ ਹੱਥ ਵਾਲੇ।
42ਉਹ ਸਖ਼ਤ ਗਰਮ ਹਵਾ ਅਤੇ ਉੱਬਲਦੇ ਹੋਏ ਪਾਣੀ ਵਿਚ ਹੋਣਗੇ।
43ਅਤੇ ਕਾਲੇ ਧੂੰਏਂ ਦੀ ਛਾਂ ਵਿਚ ਹੋਣਗੇ।
44ਨਾ ਉਹ ਠੰਡੀ ਹੋਵੇਗੀ ਤੇ ਨਾ ਹੀ ਸੁੱਖਦਾਈ ਹੋਵੇਗੀ।
45ਇਹ ਲੋਕ ਇਸ (ਕਿਆਮਤ ਦੇ ਵਾਪਰਣ ਤੋਂ ਪਹਿਲਾਂ) ਵੱਡੇ ਨਖਰਿਆਂ ਵਿਚ ਪਲੇ ਸਨ।
46ਉਹ ਮਹਾ ਪਾਪ (ਭਾਵ ਸ਼ਿਰਕ) ਉੱਤੇ ਅੜਿਆ ਕਰਦੇ ਸਨ।[1]
47ਉਹ ਆਖਦੇ ਸਨ ਕਿ ਜਦੋਂ ਅਸੀਂ ਮਰ ਜਾਵਾਂਗੇ ਅਤੇ ਮਿੱਟੀ ਤੇ ਹੱਡੀਆਂ ਬਣ ਜਾਵਾਂਗੇ ਤਾਂ ਕੀ ਅਸੀਂ ਮੁੜ ਸੁਰਜੀਤ ਕੀਤੇ ਜਾਵਾਂਗੇ?
48ਅਤੇ ਕੀ ਸਾਡੇ ਪਿਓ ਦਾਦਿਆਂ ਨੂੰ ਵੀ ਉਠਾਇਆ ਜਾਵੇਗਾ ?
49(ਹੇ ਨਬੀ!) ਤੁਸੀਂ ਆਖ ਦਿਓ ਨਿਰਸੰਦੇਹ, ਪਹਿਲਾਂ ਵੀ ਅਤੇ ਪਿਛਲੇ ਵੀ (ਭਾਵ ਸਾਰੇ ਉਠਾਏ ਜਾਣਗੇ)।
50ਬੇਸ਼ੱਕ ਇਹਨਾਂ ਸਭ ਨੂੰ ਇਕ ਨਿਸ਼ਚਿਤ ਦਿਹਾੜੇ ਇੱਕਤਰ ਕੀਤਾ ਜਾਵੇਗਾ।
51ਹੇ ਕੁਰਾਹੀਓ ਅਤੇ ਇਨਕਾਰੀਓ!
52ਤੁਸੀਂ ਲੋਕ ਥੋਹਰ ਦੇ ਰੱਖ ਅਵੱਸ਼ ਖਾਓਂਗੇ।
53(ਤੁਸੀਂ) ਇਸ ਨਾਲ ਹੀ ਆਪਣਾ ਢਿੱਡ ਭਰੋਂਗੇ।
54ਇਸ ਦੇ ਉੱਤੋਂ ਗਰਮ ਉੱਬਲਦਾ ਹੋਇਆ ਪਾਣੀ ਪਿਓਂਗੇ।
55ਤੁਸੀਂ ਪਿਆਸੇ ਊਂਠ ਵਾਂਗ ਪਾਣੀ ਪਿਓਂਗੇ।
56ਕਿਆਮਤ ਦਿਹਾੜੇ ਇਹੋ ਇਹਨਾਂ (ਖੱਬੇ ਹੱਥ ਵਾਲਿਆਂ) ਦੀ ਮਹਿਮਾਨਦਾਰੀ ਹੋਵੇਗੀ।
57(ਹੇ ਇਨਕਾਰੀਓ!) ਅਸਾਂ ਹੀ ਤੁਹਾਨੂੰ ਸਭ ਨੂੰ ਪੈਦਾ ਕੀਤਾ ਹੈ। ਫੇਰ ਤੁਸੀਂ (ਮੁੜ ਜੀ ਉੱਠਣ ਦੀ) ਪੁਸ਼ਟੀ ਕਿਉਂ ਨਹੀਂ ਕਰਦੇ।
58ਭਲਾਂ ਦੱਸੋ ਜਿਹੜਾ ਵੀਰਜ ਤੁਸੀਂ ਟਪਕਾਉਂਦੇ ਹੋ?
59ਕੀ ਉਸ ਵੀਰਜ ਤੋਂ ਬੱਚਾ ਤੁਸੀਂ ਪੈਦਾ ਕਰਦੇ ਹੋ ਜਾਂ ਅਸੀਂ ਉਸ ਦੇ ਰਚਨਾਹਾਰ ਹਾਂ?
60ਅਸੀਂ ਹੀ ਤੁਹਾਡੇ ਮੁਕੱਦਰ ਵਿਚ ਮੌਤ ਲਿਖੀ ਹੈ ਅਤੇ ਅਸਾਂ ਇੰਜ ਕਰਨ ਵਿਚ ਬੇਵਸ ਨਹੀਂ।
61ਸਗੋਂ ਇਸ ਗੱਲ ਦੀ ਸਮਰਥਾ ਰੱਖਦੇ ਹਾਂ ਕਿ ਤੁਹਾਡੇ ਵਰਗੀ ਹੋਰ ਮਖਲੂਕ ਲੈ ਆਈਏ ਅਤੇ ਤੁਹਾਨੂੰ ਅਜਿਹਾ ਰੂਪ ਦੇ ਦਈਏ ਜਿਸ ਨੂੰ ਤੁਸੀਂ ਨਹੀਂ ਜਾਣਦੇ।
62ਤੁਸੀਂ ਆਪਣੇ ਪਹਿਲੇ ਜਨਮ ਤੋਂ ਤਾਂ ਜਾਣੂ ਹੀ ਹੋ, ਤੁਸੀਂ ਨਸੀਹਤ ਗ੍ਰਹਿਣ ਕਿਉਂ ਨਹੀਂ ਕਰਦੇ ?
63ਰਤਾ ਇਹ ਦੱਸੋ ਕਿ ਜੋ ਤੁਸੀਂ ਬੀਜਦੇ ਹੋ।
64ਕੀ ਉਸ ਨੂੰ ਤੁਸੀਂ ਉਗਾਉਂਦੇ ਹੋ ਜਾਂ ਉਗਾਉਣ ਵਾਲੇ ਅਸੀਂ ਹਾਂ?
65ਜੇ ਅਸੀਂ ਚਾਹੀਏ ਤਾਂ ਇਸ (ਫ਼ਸਲ) ਨੂੰ ਚੂਰਾ-ਚੂਰਾ ਕਰ ਕੇ ਰੱਖ ਦਈਏ ਫੇਰ ਤੁਸੀਂ ਰੁਰਾਨੀ ਨਾਲ ਗੱਲਾਂ ਕਰਦੇ ਰਹਿ ਜਾਓਗੇ।
66ਤੁਸੀਂ ਆਖੋਗੇ ਕਿ ਸਾਡੇ ਉੱਤੇ ਤਾਂ ਪੁੱਠੀ ਚੱਟੀ ਪੈ ਗਈ।
67(ਨਹੀਂ) ਸਗੋਂ ਇਹ ਵੀ ਆਖੋਗੇ ਕਿ ਸਾਡੇ ਤਾਂ ਭਾਗ ਹੀ ਫੁੱਟੇ ਹੋਏ ਸਨ।
68ਭਲਾਂ ਇਹ ਦੱਸੋ ਕਿ ਇਹ ਪਾਣੀ ਜਿਹੜਾ ਤੁਸੀਂ ਪੀਂਦੇ ਹੋ।
69ਕੀ ਇਸ (ਪਾਣੀ) ਨੂੰ ਬੱਦਲਾਂ ਤੋਂ ਤੁਸੀਂ ਉਤਾਰਿਆ ਹੈ ਜਾਂ ਉਸ ਨੂੰ ਉਤਾਰਨ ਵਾਲੇ ਅਸੀਂ ਹਾਂ।
70ਜੇ ਅਸਾਂ ਚਾਹੀਏ ਤਾਂ ਇਸ (ਪਾਣੀ) ਨੂੰ ਖਾਰਾ ਬਣਾ ਦਈਏ। ਫੇਰ ਵੀ ਤੁਸੀਂ ਸ਼ੁਕਰ ਅਦਾ ਕਿਉਂ ਨਹੀਂ ਕਰਦੇ ?
71ਭਲਾਂ ਇਹ ਦੱਸੋ ਕਿ ਜਿਹੜੀ ਅੱਗ ਤੁਸੀਂ ਸੁਲਗਾਉਂਦੇ ਹੋ।
72ਕੀ ਉਸ ਦਾ ਰੁਖ ਤੁਸੀਂ ਪੈਦਾ ਕੀਤਾ ਹੈ ਜਾਂ ਅਸਾਂ ਪੈਦਾ ਕਰਨ ਵਾਲੇ ਹਾਂ ?
73ਅਸਾਂ ਹੀ ਉਸ ਅੱਗ ਨੂੰ ਯਾਦ ਦੁਆਉਣ ਦਾ ਸਾਧਨ ਬਣਾਇਆ ਹੈ ਅਤੇ ਯਾਤਰੀਆਂ ਲਈ ਲਾਭਦਾਇਕ ਬਣਾਇਆ ਹੈ।
74ਸੋ (ਹੇ ਨਬੀ!) ਤੁਸੀਂ ਆਪਣੇ ਰੱਬ ਦੇ ਨਾਂ ਦਾ ਸਿਮਰਨ ਕਰੋ, ਜਿਹੜਾ ਸਭ ਤੋਂ ਵੱਡਾ ਹੈ।
75ਮੈਂ ਤਾਰਿਆਂ ਦੇ ਡਿਗਣ ਦੀ ਸੁੰਹ ਖਾਂਦਾ ਹਾਂ।
76ਜੇ ਤੁਹਾਨੂੰ ਪਤਾ ਹੋਵੇ ਤਾਂ ਇਹ ਬਹੁਤ ਵੱਡੀ ਸੁੰਹ ਹੈ।
77ਬੇਸ਼ੱਕ ਇਹ .ਕੁਰਆਨ ਅਤਿਅੰਤ ਸਤਿਕਾਰਯੋਗ ਤੇ ਆਦਰਮਾਨ ਵਾਲਾ ਹੈ।
78ਇਕ ਸੁਰੱਖਿਅਤ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ।
79ਇਸ ਕਿਤਾਬ (.ਕੁਰਆਨ) ਨੂੰ ਪਾਕ ਪੱਵਿਤਰ ਫ਼ਰਿਸ਼ਤੇ ਹੀ ਛੂਅਦੇ ਹਨ।
80ਇਹ (.ਕੁਰਆਨ) ਸਾਰੇ ਜਹਾਨਾਂ ਦੇ ਪਾਲਣਹਾਰ ਵੱਲੋਂ ਉਤਾਰਿਆ ਗਿਆ ਹੈ।
81ਕੀ ਤੁਸੀਂ ਫੇਰ ਵੀ ਇਸ ਬਾਣੀ ਤੋਂ ਬੇਪਰਵਾਹੀ ਵਰਤਦੇ ਹੋ ?
82ਤੁਸੀਂ ਇਸ ਨਿਅਮਤ (ਭਾਵ .ਕੁਰਆਨ) ਵਿਚ ਆਪਣਾ ਹਿੱਸਾ ਇਹੋ ਰੱਖਦੇ ਹੋ ਕਿ ਤੁਸੀਂ ਇਸ ਦਾ ਇਨਕਾਰ ਕਰਦੇ ਹੋ।
83ਫੇਰ ਤੁਸੀਂ ਕਿਉਂ ਨਹੀਂ ਆਪਣੀ ਰੂਹ ਨੂੰ ਰੋਕ ਲੈਂਦੇ ਜਦੋਂ ਉਹ ਸੰਘ ਤਕ ਪੁੱਜ ਜਾਂਦੀ ਹੈ।
84ਤੁਸੀਂ ਉਸ ਵੇਲੇ ਵੇਖ ਰਹੇ ਹੁੰਦੇ ਹੋ।
85ਅਸੀਂ ਤੁਹਾਥੋਂ ਕਿਤੇ ਵੱਧ ਉਸ ਰੂਹ ਦੇ ਨੇੜੇ ਹੁੰਦੇ ਹਾਂ, ਪਰ ਤੁਹਾਨੂੰ ਦਿਸਦੇ ਨਹੀਂ।
86ਜੇ ਤੁਸੀਂ ਕਿਸੇ ਦੇ ਅਧੀਨ ਨਹੀਂ।
87ਤੁਸੀਂ ਉਸ (ਰੂਹ) ਨੂੰ ਮੋੜ ਲਿਆਉਂਦੇ, ਜੇ ਤੁਸੀਂ ਸੱਚੇ ਹੋ ?
88ਜੇ ਉਹ (ਮਰਨ ਵਾਲਾ ਅੱਲਾਹ ਦੇ) ਨਿਕਟਵਰਤੀਆਂ ਵਿੱਚੋਂ ਹੋਵੇ।
89ਫੇਰ ਤਾਂ (ਉਸ ਦੇ ਲਈ) ਸੁਖ-ਸੁਵਿਧਾ, ਸੁਗੰਦੇ ਅਤੇ ਨਿਅਮਤਾਂ ਵਾਲੇ ਬਾਗ਼ ਹਨ।
90ਜੇ ਉਹ (ਮਰਨ ਵਾਲਾ) ਸੱਜੇ ਹੱਥ ਵਾਲਿਆਂ ਵਿੱਚੋਂ ਹੋਇਆ।
91ਤਾਂ ਉਸ ਨੂੰ ਆਖਿਆ ਜਾਵੇਗਾ ਕਿ ਤੇਰੇ ਲਈ ਸਲਾਮਤੀ ਹੀ ਸਲਾਮਤੀ ਹੈ, ਬੇਸ਼ੱਕ ਤੂੰ ਸੱਜੇ ਹੱਥ ਵਾਲਿਆਂ ਵਿੱਚੋਂ ਹੈ।
92ਪਰ ਜੇ ਉਹ ਇਨਕਾਰ ਕਰਨ ਵਾਲਾ ਕੁਰਾਹੇ ਪਏ ਲੋਕਾਂ ਵਿੱਚੋਂ ਹੋਇਆ।
93ਤਾਂ ਉਸ ਦੀ ਸੇਵਾ ਉੱਬਲਦੇ ਹੋਏ ਪਾਣੀ ਹੋਵੇਗਾ।
94ਅਤੇ ਉਸ ਨੂੰ ਨਰਕ ਵਿਚ ਹੀ ਜਾਣਾ ਹੈ।
95ਨਿਰਸੰਦੇਹ, ਇਹ ਸਾਰਾ ਕੁੱਝ ਹੋਣਾ ਅਟੱਲ ਹੈ।
96ਸੋ (ਹੇ ਨਬੀ!) ਤੁਸੀਂ ਅਤਿਅੰਤ ਮਹਾਨ ਰੱਬ ਦੇ ਨਾਂ ਦੀ ਤਸਬੀਹ ਕਰੋ।